ਚੰਡੀਗੜ੍ਹ, 3 ਮਾਰਚ (ਕਪਿਲ ਵਧਵਾ)- ਰਾਮ ਦਰਬਾਰ ਫੇਜ਼-1 ਇਲਾਕੇ 'ਚ ਅਣਪਛਾਤੇ ਨੌਜਵਾਨਾਂ ਵਲੋਂ ਇਕ ਘਰ 'ਤੇ ਬਲਦੀਆਂ ਬੋਤਲਾਂ ਸੁੱਟ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ 28 ਫ਼ਰਵਰੀ 2026 ਦੀ ਦੱਸੀ ਜਾਂਦੀ ਹੈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਵਰੁਣ ਵਾਸੀ ਫੇਜ਼-1 ਰਾਮ ਦਰਬਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ 28 ਫ਼ਰਵਰੀ ਨੂੰ ਕੁੱਝ ਅਣਪਛਾਤੇ ਵਿਅਕਤੀ ਉਸ ਦੇ ਘਰ ਦੇ ਬਾਹਰ ਆਏ, ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਘਰ ਵਲ ਬਲਦੀਆਂ ਬੋਤਲਾਂ ਸੁੱਟ ਕੇ ਫਰਾਰ ਹੋ ਗਏ | ਘਟਨਾ ਕਾਰਨ ਇਲਾਕੇ ਵਿਚ ਹੜਕੰਪ ਮਚ ਗਿਆ | ਇਸ ਸਬੰਧੀ ਥਾਣਾ ਸੈਕਟਰ-31 ਵਿਚ ਬੀ. ਐਨ. ਐਸ. ਦੀ ਧਾਰਾ 190, 191(1), 191(2), 326(ਜੀ), 351(2) ਅਤੇ 351(3) ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਉਕਤ ਧਾਰਾਵਾਂ ਤਹਿਤ ਨੁਕਸਾਨ ਪਹੁੰਚਾਉਣ ਅਤੇ ਧਮਕੀਆਂ ਦੇਣ ਵਰਗੇ ਗੰਭੀਰ ਅਪਰਾਧ ਸ਼ਾਮਿਲ ਹਨ | ਪੁਲਿਸ ਵਲੋਂ ਘਟਨਾ ਸਥਲ ਦਾ ਮੁਆਇਨਾ ਕਰਕੇ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ | ਪੁਲਿਸ ਸੂਤਰਾਂ ਅਨੁਸਾਰ ਇਸ ਵਾਰਦਾਤ ਵਿਚ ਸ਼ਾਮਿਲ ਸਾਰੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਪ੍ਰੰਤੂ ਅਜੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਗਿ੍ਫ਼ਤਾਰੀ ਉਪਰੰਤ ਹੀ ਉਨ੍ਹਾਂ ਦੇ ਮਨਸੂਬੇ ਦਾ ਪਤਾ ਲੱਗ ਸਕੇਗਾ |