ਐੱਸ. ਏ. ਐੱਸ. ਨਗਰ, 3 ਮਾਰਚ (ਕਪਿਲ ਵਧਵਾ)-ਹੋਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਮੁਹਾਲੀ ਪੁਲਿਸ ਵਲੋਂ ਇਲਾਕੇ ਵਿਚ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ | ਹਾਲਾਂਕਿ 'ਆਪ੍ਰੇਸ਼ਨ ਪ੍ਰਹਾਰ' ਤਹਿਤ ਰੋਜ਼ਾਨਾ ਨਾਕਾਬੰਦੀ ਕੀਤੀ ਜਾਂਦੀ ਹੈ, ਪਰ ਤਿਉਹਾਰ ਕਾਰਨ ਸੁਰੱਖਿਆ ਪ੍ਰਬੰਧ ਹੋਰ ਵੀ ਸਖ਼ਤ ਕੀਤੇ ਜਾ ਰਹੇ ਹਨ | ਇਹ ਜਾਣਕਾਰੀ ਸਾਂਝੀ ਕਰਦਿਆਂ ਐਸ. ਪੀ. ਹੈੱਡਕੁਆਰਟਰ ਮੋਹਿਤ ਅਗਰਵਾਲ ਨੇ ਦੱਸਿਆ ਕਿ ਐਸ. ਐਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਧ ਤੋਂ ਵੱਧ ਪੁਲਿਸ ਅਧਿਕਾਰੀ, ਜਿਸ ਵਿਚ ਡੀ. ਐਸ. ਪੀ. ਤੇ ਇੰਸਪੈਕਟਰ ਵੀ ਸ਼ਾਮਿਲ ਹਨ, ਨਾਕਾਬੰਦੀ ਦੌਰਾਨ ਮੌਜੂਦ ਰਹਿਣਗੇ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਪੂਰਾ ਤਾਲਮੇਲ ਰੱਖਣਗੇ | ਇਸ ਤੋਂ ਇਲਾਵਾ ਰਿਜ਼ੋਰਟਾਂ ਆਦਿ ਵਿਖੇ ਮਨਾਏ ਜਾਣ ਵਾਲੇ ਹੋਲੀ ਦੇ ਜਸ਼ਨਾਂ 'ਤੇ ਵੀ ਪੂਰੀ ਨਿਗਰਾਨੀ ਰੱਖੀ ਜਾਵੇਗੀ ਅਤੇ ਮਨਜ਼ੂਰੀ ਤੋਂ ਬਿਨਾਂ ਜਾਂ ਨਿਰਧਾਰਤ ਸਮੇਂ ਦੀ ਮਨਜ਼ੂਰੀ ਤੋਂ ਬਾਅਦ ਇਕੱਠ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਰੰਗਾਂ ਦੇ ਜਸ਼ਨ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ | ਵਿਸ਼ੇਸ਼ ਸਥਾਨਾਂ ਜਿਵੇਂ ਕਿ ਮਾਰਕੀਟਾਂ, ਵਿਸ਼ੇਸ਼ ਤੌਰ 'ਤੇ ਫੇਜ਼-3ਬੀ2 ਅਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ | ਈਵ ਟੀਜ਼ਿੰਗ ਸੰਬੰਧੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬਿਨਾਂ ਕਿਸੇ ਲੜਕੀ ਦੀ ਇਜਾਜ਼ਤ ਉਸ ਨੂੰ ਰੰਗ ਲਗਾ ਕੇ ਤੰਗ-ਪ੍ਰੇਸ਼ਾਨ ਕਰਦਾ ਫੜਿ੍ਹਆ ਗਿਆ ਤਾਂ ਉਸ ਖ਼ਿਲਾਫ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |