ਚੰਡੀਗੜ੍ਹ, 7 ਮਾਰਚ (ਸੁਖਵਿੰਦਰ ਸਿੰਘ ਸ਼ਾਨ)-ਗਰਮ ਰੁੱਤ ਸ਼ੁਰੂ ਹੁੰਦਿਆਂ ਹੀ ਦੇਸ਼ ਦੇ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ 'ਚ ਵੀ ਗਰਮੀ ਦਾ ਕਹਿਰ ਦੇਖਣ ਨੂੰ ਮਿਲਿਆ | ਇਥੇ ਦਿਨ ਦੇ ਤਾਪਮਾਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਤੇਜ਼ੀ ਨਾਲ ਵੱਧਣ ਲੱਗਾ ਹੈ | ਮਾਰਚ ਦੇ ਪਹਿਲੇ ਹਫ਼ਤੇ 'ਚ ਹੀ ਦਿਨ ਦਾ ਤਾਪਮਾਨ 33 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ | ਅਨੁਮਾਨ ਹੈ ਕਿ ਮਈ ਤੇ ਜੂਨ ਮਹੀਨਿਆਂ ਦੌਰਾਨ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 45 ਡਿਗਰੀ ਤੱਕ ਪਹੁੰਚ ਸਕਦਾ ਹੈ | ਚੰਡੀਗੜ੍ਹ 'ਚ ਗਰਮੀ ਰਹਿਣ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਪਤਾ ਚੱਲਦਾ ਹੈ ਕਿ ਸਾਲ 1988 'ਚ 28 ਮਈ ਨੂੰ ਇਥੇ ਦਿਨ ਦਾ ਪਾਰਾ 46.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ | ਭਾਵੇਂ ਕਿ ਦੇਸ਼ ਦੇ ਹੋਰਨਾਂ ਵੱਡੇ ਸ਼ਹਿਰਾਂ ਨਾਲੋਂ ਚੰਡੀਗੜ੍ਹ ਵਿਚ ਰੁੱਖ ਬਹੁਤ ਜ਼ਿਆਦਾ ਗਿਣਤੀ ਵਿਚ ਹਨ ਅਤੇ ਇਥੇ ਗਰੀਨ ਕਵਰ ਏਰੀਆ ਕਰੀਬ 57.03 ਸਕੇਅਰ ਕਿੱਲੋਮੀਟਰ ਹੈ ਪਰ ਇੱਥੇ ਜ਼ਿਆਦਾ ਸੰਘਣੀ ਆਬਾਦੀ (9252 ਪਰ ਕਿੱਲੋਮੀਟਰ), ਬਹੁਤ ਜ਼ਿਆਦਾ ਵਹੀਕਲ, ਬਹੁਤ ਜ਼ਿਆਦਾ ਏਅਰ ਕੰਡੀਸਨਰ (ਏ.ਸੀ) ਅਤੇ ਕੰਪਿਊਟਰ ਹੋਣਾ ਤਾਪਮਾਨ ਵੱਧਣ ਦੇ ਮੁੱਖ ਕਾਰਨ ਹਨ | ਜੇ 1 ਮਾਰਚ ਤੋਂ 7 ਮਾਰਚ ਤੱਕ ਦੇ ਤਾਪਮਾਨ 'ਤੇ ਨਿਗ੍ਹਾ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਇਕ ਮਾਰਚ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ ਕੇ 29.1 ਡਿਗਰੀ ਤੇ ਰਾਤ ਦਾ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਸੀ ਪਰ ਪੰਜ ਮਾਰਚ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ 6 ਡਿਗਰੀ ਵੱਧ ਕੇ 31.4 ਡਿਗਰੀ ਤੇ ਰਾਤ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 4 ਡਿਗਰੀ ਵੱਧ ਕੇ 16.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | 6 ਮਾਰਚ ਨੂੰ ਦਿਨ ਦਾ ਤਾਪਮਾਨ ਇਸ ਹਫ਼ਤੇ ਦੇ ਸਿਖ਼ਰਲੇ ਪੱਧਰ 'ਤੇ 33.1 ਡਿਗਰੀ ਸੈਲਸੀਅਸ ਹੋ ਗਿਆ, ਜੋ ਆਮ ਨਾਲੋਂ 8 ਡਿਗਰੀ ਵੱਧ ਸੀ | ਜਦਕਿ 7 ਮਾਰਚ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ 7 ਡਿਗਰੀ ਵਾਧੇ ਨਾਲ 31.9 ਡਿਗਰੀ ਤੇ ਰਾਤ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 3 ਡਿਗਰੀ ਵਾਧੇ ਨਾਲ 16 ਡਿਗਰੀ ਸੈਲਸੀਅਸ ਦਰਜ ਕੀਤਾ | ਗਰਮੀ ਦੇ ਵਾਧੇ ਕਾਰਨ ਸ਼ਹਿਰ ਵਿਚਲੇ ਵੱਡੇ ਦਫ਼ਤਰਾਂ 'ਚ ਦੁਪਹਿਰ ਸਮੇਂ ਏ. ਸੀ. ਚਲਾਏ ਜਾਣ ਲੱਗੇ ਹਨ, ਉਥੇ ਹੀ ਰਾਤ ਸਮੇਂ ਘਰਾਂ 'ਚ ਪੱਖੇ ਵੀ ਚਲਾਏ ਜਾਣ ਲੱਗੇ ਹਨ | ਉੱਥੇ ਹੀ ਕਾਰਾਂ ਤੇ ਹੋਰਨਾਂ ਗੱਡੀਆਂ 'ਚ ਰਾਹਗੀਰ ਏ. ਸੀ. ਚਲਾ ਕੇ ਸਫ਼ਰ ਕਰਨ ਲੱਗੇ ਹਨ | ਇਸ ਗਰਮੀ ਬਾਬਤ ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਤਾਪਮਾਨ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ 'ਚ ਹੋਣਾ ਚਾਹੀਦਾ, ਉਹੀ ਤਾਪਮਾਨ ਹੁਣ ਮਾਰਚ ਦੇ ਪਹਿਲੇ ਹਫ਼ਤੇ ਵਿਚ ਹੋ ਗਿਆ ਹੈ, ਜਿਸ ਕਾਰਨ ਅਗਲੇ ਦਿਨਾਂ ਵਿਚ ਪਾਰਾ ਹੋਰ ਵਧੇਗਾ |