ਐੱਸ. ਏ. ਐੱਸ. ਨਗਰ, 7 ਮਾਰਚ (ਕਪਿਲ ਵਧਵਾ)-ਮੁਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਦੇ ਜਨ-ਔਸ਼ਧੀ ਕੇਂਦਰ ਦੇ ਬਾਹਰ ਦਵਾਈ ਲੈਣ ਆਏ ਇਕ ਬਜ਼ੁਰਗ ਨੂੰ ਅਣਪਛਾਤੇ ਵਿਅਕਤੀ ਨੇ ਠੱਗੀ ਦਾ ਸ਼ਿਕਾਰ ਬਣਾ ਲਿਆ | ਉਕਤ ਠੱਗ ਚਲਾਕੀ ਨਾਲ ਬਜ਼ੁਰਗ ਨੂੰ ਗੱਲਾਂ 'ਚ ਫਸਾ ਕੇ 7500 ਰੁ. ਲੈ ਕੇ ਫ਼ਰਾਰ ਹੋ ਗਿਆ | ਜਾਣਕਾਰੀ ਮੁਤਾਬਿਕ ਪੀੜਤ ਬਜ਼ੁਰਗ ਜਨ-ਔਸ਼ਧੀ ਕੇਂਦਰ ਦੇ ਬਾਹਰ ਦਵਾਈ ਲੈਣ ਲਈ ਖੜ੍ਹਾ ਸੀ | ਦਵਾਈ ਦਾ ਬਿੱਲ 30 ਰੁ. ਬਣਿਆ ਸੀ, ਪਰ ਉਸ ਕੋਲ ਸਿਰਫ 500-500 ਰੁ. ਦੇ ਨੋਟ ਸਨ | ਦੁਕਾਨਦਾਰ ਨੇ ਉਸ ਨੂੰ ਖੁੱਲ੍ਹੇ ਪੈਸੇ ਲਿਆਉਣ ਲਈ ਕਿਹਾ | ਇਸ ਦੌਰਾਨ ਉਥੇ ਖੜ੍ਹੇ ਇਕ ਵਿਅਕਤੀ ਨੇ ਬਜ਼ੁਰਗ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਆਪਣੇ ਆਪ ਨੂੰ ਡਾਕਟਰ ਦੱਸਿਆ | ਉਸ ਨੇ ਕਿਹਾ ਕਿ ਉਸ ਨੂੰ 500-500 ਰੁ. ਦੇ ਨੋਟ ਚਾਹੀਦੇ ਹਨ ਅਤੇ ਉਹ ਬਦਲੇ 'ਚ 200-200 ਰੁ. ਦੇ ਨੋਟ ਦੇ ਦੇਵੇਗਾ | ਇਸ ਭਰੋਸੇ 'ਚ ਆ ਕੇ ਬਜ਼ੁਰਗ ਨੇ ਉਸ ਨੂੰ 7500 ਰੁ. ਦੇ ਦਿੱਤੇ ਤੇ ਠੱਗ ਨੇ ਉਸ ਨੂੰ ਕਿਹਾ ਕਿ ਉਹ ਤੁਰੰਤ 200-200 ਰੁ. ਦੇ ਨੋਟ ਲੈ ਕੇ ਆ ਰਿਹਾ ਹੈ, ਪਰ ਕਾਫ਼ੀ ਸਮੇਂ ਬਾਅਦ ਜਦੋਂ ਉਕਤ ਵਿਅਕਤੀ ਵਾਪਸ ਨਾ ਆਇਆ ਤਾਂ ਬਜ਼ੁਰਗ ਨੂੰ ਆਪਣੇ ਨਾਲ ਠੱਗੀ ਹੋਣ ਦਾ ਅਹਿਸਾਸ ਹੋਇਆ ਅਤੇ ਉਸ ਨੇ ਹਸਪਤਾਲ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ | ਸ਼ਿਕਾਇਤ ਮਿਲਣ ਉਪਰੰਤ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਤੇ ਫੁਟੇਜ਼ 'ਚ ਉਹ ਸ਼ਖ਼ਸ ਨਜ਼ਰ ਆਇਆ ਜੋ ਕਿ ਕੁਝ ਮਹੀਨੇ ਪਹਿਲਾਂ ਵੀ ਹਸਪਤਾਲ 'ਚ ਆਉਣ ਵਾਲੇ ਲੋਕਾਂ ਨਾਲ ਇਸ ਤਰ੍ਹਾਂ ਦੀਆਂ ਠੱਗੀਆਂ ਕਰ ਚੁੱਕਾ ਹੈ | ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |