ਸੈਕਟਰ 45ਡੀ 'ਚ ਘਰ ਢਾਹੁਣ ਦੀ ਕਾਰਵਾਈ ਨੂੰ ਲੈ ਕੇ ਹਾਊਸਿੰਗ ਬੋਰਡ ਖ਼ਿਲਾਫ਼ ਸੰਘਰਸ਼ ਤੇਜ਼ <br/>
ਅਜੀਤ ਡੈਸਕ
08-04-2026
ਘਰਾਂ 'ਤੇ ਚੱਲ ਰਹੀ ਬੁਲਡੋਜ਼ਰ ਕਾਰਵਾਈ ਵਿਚਕਾਰ ਹੁੰਦੀ ਰਹੀ ਸਿਆਸਤ
ਮੌਕੇ 'ਤੇ ਮੌਜੂਦ 'ਆਪ' ਤੇ ਕਾਂਗਰਸੀ ਆਗੂ ਭਾਜਪਾ 'ਤੇ ਲਗਾਉਂਦੇ ਰਹੇ ਦੋਸ਼
ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਸੈਕਟਰ 45ਡੀ ਵਿਖੇ ਕੀਤੀ ਜਾ ਰਹੀ ਢਾਹੁਣ ਦੀ ਕਾਰਵਾਈ ਕਾਰਨ ਜਿੱਥੇ ਇਕ ਪਾਸੇ ਨਿਵਾਸੀ ਘਰ ਬਚਾਉਣ ਲਈ ਸੜਕਾਂ 'ਤੇ ਉੱਤਰੇ ਹੋਏ ਹਨ, ਉੱਥੇ ਦੂਜੇ ਪਾਸੇ ਇਸ ਮਾਮਲੇ 'ਤੇ ਸਿਆਸਤ ਵੀ ਗਰਮਾ ਗਈ ਹੈ | ਵੱਖ-ਵੱਖ ਪਾਰਟੀਆਂ ਦੇ ਆਗੂ ਇਕ-ਦੂਜੇ 'ਤੇ ਦੋਸ਼ ਲਗਾਉਂਦੇ ਰਹੇ | 'ਆਪ' ਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ | ਉਨ੍ਹਾਂ ਨੇ ਭਾਜਪਾ 'ਤੇ ਇਲਜ਼ਾਮ ਲਗਾਇਆ ਕਿ ਉਹ ਆਪਣੇ ਸਮੇਂ ਦੌਰਾਨ ਲੋਕਾਂ ਨੂੰ ਢੰਗ ਦੇ ਹੱਕ ਨਹੀਂ ਦੇ ਸਕੀ, ਜਿਸ ਕਰਕੇ ਅੱਜ ਇਹ ਹਾਲਾਤ ਬਣੇ ਹਨ | ਉੱਧਰ ਸਥਾਨਕ ਨਿਵਾਸੀਆਂ ਨੇ ਦੋਹਾਂ ਪਾਰਟੀਆਂ 'ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਸਿਆਸੀ ਆਗੂ ਆਪਸ 'ਚ ਦੋਸ਼ ਲਗਾਉਣ ਦੀ ਬਜਾਏ ਲੋਕਾਂ ਦੀ ਸਮੱਸਿਆ ਦਾ ਹੱਲ ਕੱਢਣ |
ਕੀ ਹੈ ਹਾਈਕੋਰਟ ਦਾ ਹੁਕਮ
ਸੈਕਟਰ 45ਡੀ ਦੇ ਵਸਨੀਕਾਂ ਨੇ ਦੋਸ਼ ਲਗਾਇਆ ਕਿ ਹਾਈ ਕੋਰਟ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਹੁਕਮ ਦਿੱਤਾ ਸੀ ਕਿ ਮਕਾਨਾਂ ਦੀ ਢਾਂਚਾਗਤ ਮੁਰੰਮਤ ਕਰਕੇ ਸੁਰੱਖਿਆ ਯਕੀਨੀ ਬਣਾਈ ਜਾਵੇ | ਜਿੱਥੇ ਜਿੱਥੇ ਲੋਡ ਬੇਅਰਿੰਗ ਕੰਧਾਂ ਜਾਂ ਪਿੱਲਰ ਨਹੀਂ ਹਨ, ਉਨ੍ਹਾਂ ਨੂੰ ਮੁੜ ਤਿਆਰ ਕੀਤਾ ਜਾਵੇ | ਇਸ ਮੁਰੰਮਤ ਦਾ ਖ਼ਰਚਾ ਉਨ੍ਹਾਂ ਮਾਲਕਾਂ ਤੋਂ ਵਸੂਲਿਆ ਜਾਵੇਗਾ ਜਿਨ੍ਹਾਂ ਨੇ ਗਲਤ ਨਿਰਮਾਣ ਕੀਤੇ ਹਨ | ਅਦਾਲਤ ਨੇ ਇਹ ਵੀ ਕਿਹਾ ਕਿ ਜੇ ਕੋਈ ਤਬਦੀਲੀ ਨਿਯਮਾਂ ਅਨੁਸਾਰ ਹੈ ਤਾਂ ਉਸ ਨੂੰ ਵਿਅਕਤੀਗਤ ਅਧਾਰ 'ਤੇ ਵੇਖਿਆ ਜਾਵੇਗਾ ਅਤੇ ਲਾਗੂ ਫ਼ੀਸ ਦੇ ਕੇ ਰੈਗੂਲਰ ਕੀਤਾ ਜਾ ਸਕਦਾ ਹੈ | ਅਦਾਲਤੀ ਰਿਕਾਰਡ ਮੁਤਾਬਕ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਕਈ ਘਰਾਂ 'ਚ ਲੋਡ ਬੇਅਰਿੰਗ ਕੰਧਾਂ ਹਟਾ ਦਿੱਤੀਆਂ ਗਈਆਂ ਹਨ, ਜਿਸ ਨਾਲ ਇਮਾਰਤ ਦੀ ਮਜ਼ਬੂਤੀ ਪ੍ਰਭਾਵਿਤ ਹੋਈ ਹੈ | ਰਿਪੋਰਟ ਅਨੁਸਾਰ ਕੁੱਲ 628 ਵਿਚੋਂ 194 ਮਕਾਨਾਂ 'ਚ ਉਲੰਘਣਾਂ ਪਾਈਆਂ ਗਈਆਂ | ਅਦਾਲਤ ਨੇ ਇਹ ਵੀ ਦਰਸਾਇਆ ਕਿ 76 ਮਕਾਨਾਂ 'ਚ ਵਾਧੂ ਤੀਜੀ ਮੰਜ਼ਿਲ ਬਣਾਈ ਗਈ ਹੈ, ਜਦਕਿ ਮੂਲ ਨੀਂਹ ਇਸ ਭਾਰ ਨੂੰ ਝੱਲਣ ਲਈ ਤਿਆਰ ਨਹੀਂ ਸੀ | ਜਦਕਿ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਇਸ ਮਾਮਲੇ ਨੂੰ ਗਲਤ ਰੰਗ ਦਿੰਦਿਆਂ ਉਨ੍ਹਾਂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਅੱਜ ਵੀ ਪੂਰੀ ਤਰ੍ਹਾਂ ਨਾਲ ਮਜ਼ਬੂਤ ਹਨ | ਸੈਕਟਰ 45ਡੀ ਦੇ ਜਿਨ੍ਹਾਂ ਘਰਾਂ ਨੂੰ ਢਾਹਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਹਾਊਸਿੰਗ ਬੋਰਡ ਵਲੋਂ ਅਦਾਲਤ ਦੇ ਹੁਕਮਾਂ ਨੂੰ ਤੋੜ ਮਰੋੜ ਇਸ ਕਾਰਵਾਈ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ |