ਐੱਸ. ਏ. ਐੱਸ. ਨਗਰ, 8 ਅਪ੍ਰੈਲ (ਕਪਿਲ ਵਧਵਾ)-ਮੁਹਾਲੀ ਦੀ ਥਾਣਾ ਸੋਹਾਣਾ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਇਕ ਪੁਲਿਸ ਮੁਲਾਜ਼ਮ ਨੂੰ ਗਾਲਾਂ ਕੱਢਣ ਅਤੇ ਉਸਦੀ ਵਰਦੀ ਨੂੰ ਹੱਥ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਹੋਲਦਾਰ ਤਰਲੋਚਨ ਪੁਰੀ ਨੇ ਦੱਸਿਆ ਕਿ ਉਹ ਸਨੇਟਾ ਪੁਲਿਸ ਚੌਕੀ ਵਿਖੇ ਤਾਇਨਾਤ ਹੈ | ਉਸ ਨੇ ਦੱਸਿਆ ਕਿ 112 ਹੈਲਪਲਾਇਨ ਨੰਬਰ 'ਤੇ ਮਹਿਲਾ ਜੋਤੀ ਰਾਣੀ ਵਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦੌਰਾਨ ਮਹਿਲਾ ਨੇ ਡਰੀ ਸਹਿਮੀ ਅਵਾਜ਼ ਵਿਚ ਦੱਸਿਆ ਕਿ ਉਸਦਾ ਪਤੀ ਸੁਰਿੰਦਰ ਸਿੰਘ ਉਸ ਨਾਲ ਕੁੱਟਮਾਰ ਕਰ ਰਿਹਾ ਹੈ, ਜਿਸ ਤੋਂ ਬਾਅਦ ਹੌਲਦਾਰ ਪੁਰੀ ਸੈਕਟਰ-110 ਟੀ. ਡੀ. ਆਈ. ਵਿਖੇ ਸ਼ਿਕਾਇਤ ਦੀ ਪੈਰਵਾਈ ਕਰਨ ਲਈ ਪੁੱਜਿਆ ਤਾਂ ਸੁਰਿੰਦਰ ਸਿੰਘ ਅਤੇ ਉਸਦੇ ਸਾਥੀ ਨੇ ਜੋਗਿੰਦਰ ਸਿੰਘ ਨੇ ਪੁਲਿਸ ਮੁਲਾਜ਼ਮ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੀ ਕੁੱਟਮਾਰ ਕਰਨ ਲਈ ਪਿੱਛੇ ਭੱਜੇ | ਇਸੇ ਦੌਰਾਨ ਉਕਤ ਵਿਅਕਤੀਆਂ ਨੇ ਹੋਲਦਾਰ ਦੀ ਵਰਦੀ ਵੀ ਪਾੜ ਦਿੱਤੀ | ਇਸ ਮਾਮਲੇ ਸੰਬੰਧੀ ਥਾਣਾ ਸੋਹਾਣਾ ਦੀ ਪੁਲਿਸ ਨੇ ਬੀ. ਐਨ. ਐਸ. ਦੀ ਧਾਰਾ 115 (2), 132, 221, 296 ਤੇ 351 ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |