ਚੰਡੀਗੜ੍ਹ, 11 ਅਪ੍ਰੈਲ (ਕਪਿਲ ਵਧਵਾ) ਸ਼ਹਿਰ ਵਿਚ ਅਸਮਾਜਿਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਸੈਕਟਰ-39 ਥਾਣਾ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ 10.40 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਸੈਕਟਰ-39 ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਟੀਮ ਵਲੋਂ ਕਾਰਵਾਈ ਕੀਤੀ ਗਈ | ਪੁਲਿਸ ਅਧਿਕਾਰੀਆਂ ਅਨੁਸਾਰ 10 ਅਪ੍ਰੈਲ ਨੂੰ ਰਾਤ ਕਰੀਬ 9 :15 ਵਜੇ ਸੈਕਟਰ-38 ਡਿਸਪੈਂਸਰੀ ਨੇੜੇ ਪੈਟਰੋਲਿੰਗ ਦੌਰਾਨ ਐਸ.ਆਈ ਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਰਾਹੁਲ ਵਾਸੀ ਸਮਾਲ ਫਲੈਟ ਮਲੋਇਆ (22) ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ | ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿਚੋਂ 10.40 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਸ ਤੋਂ ਬਾਅਦ ਇਸ ਮਾਮਲੇ ਵਿਚ ਥਾਣਾ ਸੈਕਟਰ-39 ਵਿਚ ਧਾਰਾ 21 ਐਨ.ਡੀ.ਪੀ.ਐਸ ਐਕਟ ਤਹਿਤ ਐਫ. ਆਈ. ਆਰ. ਦਰਜ ਕਰਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਪੁਲਿਸ ਮੁਤਾਬਿਕ ਮੁਲਜ਼ਮ ਦਾ ਪਿਛਲਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ |