ਡੇਰਾਬੱਸੀ, 14 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਗੁਰਦੁਆਰਾ ਦਿਹਾਤੀ ਗੁਰੂ ਸਿੰਘ ਸਭਾ ਮੇਨ ਰੋਡ ਡੇਰਾਬੱਸੀ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਇਤਿਹਾਸਕ ਮੌਕੇ 'ਤੇ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੀ ਸਹੂਲਤ ਲਈ ਇਕ ਵੱਡਾ ਫ਼ੈਸਲਾ ਲੈਂਦਿਆਂ ਗੁਰਦੁਆਰਾ ਸਾਹਿਬ ਦੇ ਨਵੇਂ ਦੀਵਾਨ ਹਾਲ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਦਮਦਮੀ ਟਕਸਾਲ ਤੋਂ ਪਹੁੰਚੇ ਪੰਜ ਪਿਆਰਿਆਂ ਵਲੋਂ ਰਿਵਾਇਤੀ ਤੌਰ 'ਤੇ ਪੰਜ ਇੱਟਾਂ ਰੱਖ ਕੇ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਬਣਨ ਵਾਲੇ 80*60 ਫੁੱਟ ਦੇ ਵਿਸ਼ਾਲ ਦੀਵਾਨ ਹਾਲ ਦੀ ਸੇਵਾ ਦੀ ਸ਼ੁਰੂਆਤ ਕਰਵਾਈ ਗਈ | ਲਗਭਗ 1.50 ਕਰੋੜ ਰੁ. ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਦੀਵਾਨ ਹਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ, ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਬੈਠ ਕੇ ਗੁਰਬਾਣੀ ਦਾ ਅਨੰਦ ਮਾਣ ਸਕਣਗੀਆਂ | ਇਸੇ ਦੌਰਾਨ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਨਵੀਂ ਯੋਜਨਾ ਤਹਿਤ ਇਮਾਰਤ ਦੇ ਢਾਂਚੇ 'ਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ | ਨਵਾਂ ਦੀਵਾਨ ਹਾਲ ਬਣਨ ਉਪਰੰਤ ਹੇਠਲੀ ਮੰਜ਼ਿਲ 'ਤੇ ਸਥਿਤ ਪੁਰਾਣੇ ਹਾਲ ਨੂੰ ਸੰਗਤਾਂ ਲਈ ਲੰਗਰ ਹਾਲ 'ਚ ਤਬਦੀਲ ਕੀਤਾ ਜਾਵੇਗਾ ਤਾਂ ਜੋ ਸੰਗਤ ਨੂੰ ਲੰਗਰ ਛਕਣ ਲਈ ਵਧੇਰੇ ਜਗ੍ਹਾ ਮਿਲ ਸਕੇ | ਸਮਾਗਮ 'ਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਅਤੇ ਭਾਜਪਾ ਆਗੂ ਗੁਰਦਰਸ਼ਨ ਸੈਣੀ ਨੇ ਉਚੇਚ ਤੌਰ 'ਤੇ ਸ਼ਿਰਕਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਇਸ ਦੂਰਅੰਦੇਸ਼ੀ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਵਿੱਤੀ ਅਤੇ ਸੇਵਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਤੋਂ ਪਹਿਲਾਂ ਵਿਸਾਖੀ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਅਤੇ ਕੀਰਤਨ ਦਰਬਾਰ ਸਜਾਇਆ ਗਿਆ |