ਵੱਖ-ਵੱਖ ਥਾਈਾ ਡਾ. ਅੰਬੇਡਕਰ ਜੈਅੰਤੀ ਮਨਾਈ
ਅਜੀਤ ਡੈਸਕ
15-04-2026
ਖਰੜ, 14 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)-ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਅੱਜ ਖਰੜ ਵਿਖੇ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਚੇਚੇ ਤੌਰ 'ਤੇ ਪੁੱਜ ਕੇ ਪਹਿਲਾਂ ਡਾ. ਭੀਮ ਰਾਓ ਅੰਬੇਦਕਰ ਦੀ ਤਸਵੀਰ ਅੱਗੇ ਫੁੱਲ ਚੜ੍ਹਾਏ ਅਤੇ ਫ਼ਿਰ ਕਾਂਗਰਸੀ ਆਗੂਆਂ ਤੇ ਵਰਕਰਾਂ ਸਮੇਤ ਖਰੜ ਸ਼ਹਿਰ ਅੰਦਰ ਮਾਰਚ ਕੱਢਦਿਆਂ 'ਬਾਬਾ ਬਾਬਾ ਸਾਹਿਬ ਅਮਰ ਰਹੇ' ਦੇ ਨਾਅਰੇ ਲਗਾਏ | ਇਸ ਮੌਕੇ ਰਾਜਾ ਵੜਿੰਗ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅਸੀਂ ਸੰਵਿਧਾਨ ਮੁਤਾਬਿਕ ਜ਼ਿੰਦਗੀ ਬਸਰ ਕਰ ਰਹੇ ਹਾਂ ਅਤੇ ਇਹ ਸੌਗਤ ਬਾਬਾ ਸਾਹਿਬ ਦੀ ਦਿੱਤੀ ਹੋਈ ਹੈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ 9 ਭਾਸ਼ਾਵਾਂ ਜਾਣਦੇ ਸਨ ਅਤੇ 64 ਵਿਸ਼ਿਆਂ ਦੇ ਮਾਸਟਰ ਸਨ | ਉਨ੍ਹਾਂ ਕਿਹਾ ਕਿ ਇਕਨੋਮਿਕਸ ਦੀ ਜਿਹੜੀ ਡਿਗਰੀ ਉਸ ਸਮੇਂ 8 ਸਾਲਾਂ 'ਚ ਪੂਰੀ ਹੁੰਦੀ ਸੀ, ਉਨ੍ਹਾਂ ਨੇ 2 ਸਾਲ 3 ਮਹੀਨਿਆਂ 'ਚ ਹੀ ਪੂਰੀ ਕਰ ਲਈ ਸੀ ਅਤੇ ਉਹ 21 ਘੰਟੇ ਲਗਾਤਾਰ ਪੜ੍ਹਾਈ ਕਰਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਦੇਸ਼ ਦਾ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ | ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਦਾ ਯਾਦ ਰੱਖਣ ਦਾ ਸਾਡਾ ਇਖਲਾਕੀ ਫਰਜ਼ ਹੈ | ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਮੁਖੀ ਰਾਹੁਲ ਗਾਂਧੀ ਵਲੋਂ ਜਿਥੇ ਦਿੱਲੀ ਅੰਦਰ 'ਰਨ ਫਾਰ ਅੰਬੇਦਕਰ, ਰਨ ਫਾਰ ਸੰਵਿਧਾਨ' ਤਹਿਤ ਮਾਰਚ ਕੀਤਾ ਗਿਆ, ਉਥੇ ਹੀ ਪੰਜਾਬ 'ਚ ਮਾਰਚ ਕੱਢੇ ਗਏ | ਉਨ੍ਹਾਂ ਕਿਹਾ ਕਿ ਇਹ ਉਪਰਾਲਾ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ | ਇਸੇ ਦੌਰਾਨ ਰਾਜਾ ਵੜਿੰਗ ਨੇ ਸੂਬਾ ਵਾਸੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਹੋਈ ਸੀ ਤੇ ਗੁਰੂ ਸਾਹਿਬ ਨੇ ਸਾਨੂੰ ਜਾਤ-ਪਾਤ ਤੋਂ ਰਹਿਤ ਕੀਤਾ ਸੀ | ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬਾਹਰਲੇ ਦੇਸ਼ਾਂ 'ਚ ਵੀ ਤਰੇੜਾਂ ਪੈਦਾ ਕਰ ਦਿੱਤੀਆਂ ਹਨ | ਇਹੀ ਕਾਰਨ ਹੈ ਕਿ ਅੱਜ ਤੇਲ ਮਹਿੰਗਾ ਹੋ ਗਿਆ ਹੈ ਅਤੇ ਗੈਸ ਵੀ ਮੁਸ਼ਕਿਲ ਨਾਲ ਮਿਲ ਰਹੀ ਹੈ | ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਜ਼ਿਲ੍ਹਾ ਮਹਿਲਾ ਪ੍ਰਧਾਨ ਸਵਰਨਜੀਤ ਕੌਰ ਅਤੇ ਐਡਵੋਕੇਟ ਮਨਜੀਤ ਸਿੰਘ ਝਲਬੂਟੀ ਨੇ ਵੀ ਵਿਚਾਰਾਂ ਦੀ ਸਾਂਝ ਪਾਈ | ਇਸੇ ਦੌਰਾਨ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਵਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਉਚੇਚੇ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਰਣਜੀਤ ਸਿੰਘ ਜੀਤੀ ਪਡਿਆਲਾ, ਯਾਦਵਿੰਦਰਾ ਸਿੰਘ ਬੰਨੀ ਕੰਗ ਸਾਬਕਾ ਚੇਅਰਮੈਨ, ਅਮਰਿੰਦਰ ਸਿੰਘ ਰੋਮੀ ਕੰਗ, ਕੁਲਜੀਤ ਸਿੰਘ ਬੇਦੀ ਸੀਨੀਅਰ ਕਾਂਗਰਸੀ ਆਗੂ, ਗੁਰਿੰਦਰ ਸਿੰਘ ਕੈਰੋਂ, ਕਮਲਜੀਤ ਸਿੰਘ ਚਾਵਲਾ, ਉਦੈਵੀਰ ਸਿੰਘ ਢਿੱਲੋਂ, ਗਿਆਨ ਸਿੰਘ ਛੱਤ, ਮਲਾਗਰ ਸਿੰਘ, ਕਿ੍ਪਾਲ ਸਿੰਘ ਖਿਜ਼ਰਾਬਾਦ, ਗੁਰਿੰਦਰ ਸਿੰਘ ਬੈਦਵਾਣ ਬਲਾਕ ਪ੍ਰਧਾਨ, ਨਿਰਮਲ ਸਿੰਘ ਠਸਕਾ, ਮਨਜੀਤ ਕੌਰ ਸੋਨੰੂ, ਐਡਵੋਕੇਟ ਸੁਸ਼ਾਂਤ ਕੌਸ਼ਿਕ, ਹਰਬੰਸ ਸਿੰਘ, ਰਣਜੀਤ ਸਿੰਘ ਖੱਦਰੀ, ਦਵਿੰਦਰ ਕੌਰ ਵਾਲੀਆ, ਜਸਵਿੰਦਰ ਸਿੰਘ, ਜਤਿੰਦਰ ਸਿੰਘ ਸੋਢੀ, ਜੰਗ ਬਹਾਦਰ ਸਿੰਘ, ਰਵੀ ਸ਼ਰਮਾ, ਜਸਵੀਰ ਸਿੰਘ ਮਾਣਕੂ, ਸਰਬਜੀਤ ਸਿੰਘ, ਬਾਬੂ ਸਿੰਘ ਪਮੌਰ, ਸ਼ੇਰ ਸਿੰਘ ਗੁਰਾਇਆ, ਗਿਆਨ ਸਿੰਘ ਥਿੰਦ, ਦਲਜੀਤ ਸਿੰਘ, ਕੁਲਦੀਪ ਸਿੰਘ ਓਇੰਦ ਤੇ ਸ਼ਿੰਗਾਰਾ ਸਿੰਘ ਤੋਂ ਇਲਾਵਾ ਕਾਂਗਰਸ ਦੇ ਵੱਡੀ ਗਿਣਤੀ ਵਰਕਰ ਵੀ ਹਾਜ਼ਰ ਸਨ |
ਕਾਂਗਰਸ ਪਾਰਟੀ 'ਚ ਨਹੀਂ ਦੇਖਣ ਨੂੰ ਮਿਲਿਆ ਅਨੁਸ਼ਾਸਨ
ਅੱਜ ਖਰੜ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਾਂਗਰਸ ਪਾਰਟੀ 'ਚ ਅਨੁਸ਼ਾਸਨ ਦਿਖਾਈ ਨਹੀਂ ਦਿੱਤਾ | ਇੰਝ ਲੱਗ ਰਿਹਾ ਸੀ ਕਿ ਕਾਂਗਰਸ ਪਾਰਟੀ 'ਚ ਵਰਕਰ ਘੱਟ ਤੇ ਲੀਡਰ ਜ਼ਿਆਦਾ ਹੋ ਚੁੱਕੇ ਹਨ ਕਿਉਂਕਿ ਬਹੁਤ ਸਾਰੇ ਕਾਂਗਰਸੀ ਰਾਜਾ ਵੜਿੰਗ ਨਾਲ ਫੋਟੋਆਂ ਖਿਚਵਾਉਣ ਲਈ ਤੱਤਪਰ ਦੇਖੇ ਗਏ ਹਨ, ਜਿਸ ਕਰਕੇ ਪ੍ਰੈਸ ਨੂੰ ਕਵਰੇਜ਼ ਕਰਨ ਦੌਰਾਨ ਭਾਰੀ ਦਿੱਕਤ ਹੋਈ | ਇਥੇ ਹੀ ਬਸ ਨਹੀਂ ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਹੀ ਸੜਕ ਨੂੰ ਕਾਂਗਰਸੀ ਵਰਕਰਾਂ ਨੇ ਘੇਰ ਲਿਆ, ਭਾਵੇਂ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਵਰਕਰਾਂ ਨੂੰ ਅੱਗੇ ਪਿੱਛੇ ਹੋਣ ਲਈ ਆਖਦੇ ਰਹੇ ਅਤੇ ਜਦੋਂ ਰਾਜਾ ਵੜਿੰਗ ਨੇ ਸਟੇਜ ਸੰਭਾਲੀ ਤਾਂ ਉਹ ਸਾਰੇ ਸਟੇਜ 'ਤੇ ਜਾ ਚੜ੍ਹੇ, ਜਿਸ ਕਾਰਨ ਰਾਜਾ ਵੜਿੰਗ ਨੂੰ ਭਾਸ਼ਣ ਦੇਣਾ ਵੀ ਔਖਾ ਹੋ ਗਿਆ |
ਜ਼ਿਲ੍ਹਾ ਪ੍ਰਸ਼ਾਸਨ ਨੇ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਭੇਟ ਕੀਤੇ ਸ਼ਰਧਾ ਦੇ ਫੁੱਲ
ਐੱਸ. ਏ. ਐੱਸ. ਨਗਰ, (ਪ੍ਰੋ. ਅਵਤਾਰ ਸਿੰਘ)-ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਬੀ. ਆਰ. ਅੰਬੇਦਕਰ ਦੇ 136ਵੇਂ ਜਨਮ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਏ. ਡੀ. ਸੀ. (ਪੇਂਡੂ ਵਿਕਾਸ) ਸੋਨਮ ਚੌਧਰੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਮੁਹਾਲੀ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਬਾਬਾ ਸਾਹਿਬ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਏ. ਡੀ. ਸੀ. ਸੋਨਮ ਚੌਧਰੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ 'ਚ ਅਹਿਮ ਯੋਗਦਾਨ ਪਾਇਆ ਸੀ ਅਤੇ ਸਮਾਜ 'ਚ ਸਮਾਨਤਾ ਅਤੇ ਅਧਿਕਾਰਾਂ ਲਈ ਜੀਵਨ ਭਰ ਸੰਘਰਸ਼ ਕੀਤਾ ਸੀ | ਉਨ੍ਹਾਂ ਅੱਜ ਦੇ ਇਸ ਸ਼ੁਭ ਮੌਕੇ 'ਤੇ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਦਾ ਸੱਦਾ ਵੀ ਦਿੱਤਾ |
ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਖਰੜ, (ਗੁਰਮੁੱਖ ਸਿੰਘ ਮਾਨ)-ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਸੰਨੀ ਇਨਕਲੇਵ ਖਰੜ ਵਿਖੇ ਅਮਰੀਕ ਸਿੰਘ ਹੈਪੀ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਮਿਲ ਕੇ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਅਮਰੀਕ ਸਿੰਘ ਹੈਪੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਦਾ ਪਲ ਹੈ ਕਿ ਅਸੀਂ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਵਲੋਂ ਦੇਸ਼ ਪ੍ਰਤੀ ਕੀਤੇ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਯਾਦ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਇਕ ਸਮਾਜ ਸੁਧਾਰਕ ਤੇ ਦਲਿਤ ਰਾਜ ਨੇਤਾ ਹੋਣ ਦੇ ਨਾਲ-ਨਾਲ ਵਿਸ਼ਵ ਪੱਧਰੀ ਕਾਨੂੰਨੀ ਮਾਹਿਰ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਵੀ ਸਨ, ਜਿਨ੍ਹਾਂ ਨੇ ਹਰ ਵਰਗ ਦੇ ਲੋੜਵੰਦਾਂ ਅਤੇ ਵਿਸ਼ੇਸ਼ ਤੌਰ 'ਤੇ ਔਰਤਾਂ ਦੇ ਅਧਿਕਾਰਾਂ ਲਈ ਲੰਬਾ ਸੰਘਰਸ਼ ਕੀਤਾ | ਨਵੇਂ ਭਾਰਤ ਦੇ ਨਿਰਮਾਣ ਅਤੇ ਦੇਸ਼ ਦੀ ਆਜ਼ਾਦੀ ਵਿਚ ਬਾਬਾ ਸਾਹਿਬ ਦਾ ਯੋਗਦਾਨ ਸਭ ਤੋਂ ਮੋਹਰੀ ਰਿਹਾ ਹੈ |
ਮਾਣਕਪੁਰ ਸ਼ਰੀਫ ਵਿਖੇ ਡਾ. ਅੰਬੇਦਕਰ ਜੈਅੰਤੀ ਅਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ
ਮਾਜਰੀ, (ਕੁਲਵੰਤ ਸਿੰਘ ਧੀਮਾਨ)-ਪਿੰਡ ਮਾਣਕਪੁਰ ਸ਼ਰੀਫ ਵਿਖੇ ਕਾਂਗਰਸ ਦੇ ਬਲਾਕ ਮਾਜਰੀ ਤੋਂ ਪ੍ਰਧਾਨ ਮਦਨ ਸਿੰਘ ਦੀ ਰਹਿਨੁਮਾਈ ਹੇਠ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ | ਇਸ ਮੌਕੇ ਪੁੱਜੀਆਂ ਸੰਗਤਾਂ ਵਲੋਂ ਡਾ. ਅੰਬੇਦਕਰ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸੇ ਦੌਰਾਨ ਕਾਂਗਰਸ ਪਾਰਟੀ ਦੇ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਜੀਵਨ 'ਤੇ ਝਾਤ ਪਾਉਂਦਆਂ ਸੰਗਤਾਂ ਨੂੰ ਉਨ੍ਹਾਂ ਦੇ ਸੰਘਰਸ਼ ਤੋਂ ਜਾਣੂ ਕਰਵਾਇਆ | ਇਸ ਮੌਕੇ ਓ. ਬੀ. ਸੀ. ਸੈੱਲ ਦੇ ਚੇਅਰਮੈਨ ਹਰਨੇਕ ਸਿੰਘ ਤੱਕੀਪੁਰ, ਵਾਈਸ ਪ੍ਰਧਾਨ ਗੁਰਦੇਵ ਸਿੰਘ ਪੱਲਣਪੁਰ, ਨੰਬਰਦਾਰ ਸੁਖਦੇਵ ਕੁਮਾਰ, ਬਾਬਾ ਰਾਮ ਸਿੰਘ ਮਾਣਕਪੁਰ ਸ਼ਰੀਫ, ਸਰਪੰਚ ਦਲਵੀਰ ਸਿੰਘ, ਪੰਚ ਸੰਦੀਪ ਸਿੰਘ, ਪੰਚ ਲਖਮੀਰ ਸਿੰਘ, ਗੁਰਦੀਪ ਸਿੰਘ ਕੁੱਬਾਹੇੜੀ, ਕੁਲਦੀਪ ਸਿੰਘ ਪੰਚ ਕਰਤਾਰਪੁਰ, ਪੰਚ ਅਰੁਣ ਕੁਮਾਰ, ਗੁਰਮੀਤ ਸਿੰਘ ਪੱਲਣਪੁਰ, ਬੱਬੂ ਪ੍ਰਧਾਨ, ਪੰਚ ਨਜ਼ਰ ਸਿੰਘ, ਠੇਕੇਦਾਰ ਦਲਵਿੰਦਰ ਸਿੰਘ ਬਿੱਲੂ, ਠੇਕੇਦਾਰ ਮੇਜਰ ਸਿੰਘ ਤੇ ਸੋਸ਼ਲ ਮੀਡੀਆ ਵਾਈਸ ਪ੍ਰਧਾਨ ਨੇਤਰ ਸਿੰਘ ਕਲੇਰ ਆਦਿ ਵੀ ਹਾਜ਼ਰ ਸਨ |
ਲੇਬਰ ਚੌਕ ਖਰੜ ਵਿਖੇ ਡਾ. ਬੀ. ਆਰ. ਅੰਬੇਦਕਰ ਦਾ ਜਨਮ ਦਿਵਸ ਮਨਾਇਆ
ਖਰੜ, (ਮਾਨ/ਜੰਡਪੁਰੀ)-ਡਾ. ਬੀ. ਆਰ. ਅੰਬੇਦਕਰ ਮਜ਼ਦੂਰ ਏਕਤਾ ਯੂਨੀਅਨ ਪੰਜਾਬ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ 135 ਜਨਮ ਦਿਵਸ ਲੇਬਰ ਚੌਕ ਖਰੜ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਰੁਪਾਲਹੇੜੀ ਨੇ ਕਿਹਾ ਕਿ ਬਾਬਾ ਸਾਹਿਬ ਵਲੋਂ ਦਲਿਤਾਂ ਪ੍ਰਤੀ ਕੀਤੇ ਉਪਕਾਰਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸਦੀਆਂ ਤੋਂ ਲਿਤਾੜੇ ਲੋਕਾਂ/ਦਲਿਤ ਵਰਗ ਲਈ ਸੰਘਰਸ਼ ਕਰਦਿਆਂ ਆਪਣੀ ਕਲਮ ਤੇ ਲਿਆਕਤ ਨਾਲ ਉਨ੍ਹਾਂ ਦੀ ਤਕਦੀਰ ਬਦਲੀ ਸੀ | ਉਨ੍ਹਾਂ ਸਾਨੂੰ ਵੋਟ ਪਾਉਣ ਤੇ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ, ਜਿਸ ਸਦਕਾ ਅੱਜ ਅਸੀਂ ਆਪਣਾ ਪਸੰਦੀਦਾ ਵਿਧਾਇਕ ਤੇ ਐਮ. ਪੀ. ਚੁਣ ਸਕਦੇ ਹਾਂ | ਇਸੇ ਦੌਰਾਨ ਹੋਰਨਾਂ ਬੁਲਾਰਿਆਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਬਾਬਾ ਸਾਹਿਬ ਦਾ ਕਰਜ਼ਾ ਜ਼ਿੰਦਗੀ ਭਰ ਨਹੀਂ ਉਤਾਰ ਸਕਦੇ | ਇਸੇ ਦੌਰਾਨ ਸਮਾਜ ਸੇਵੀ ਅਵਤਾਰ ਸਿੰਘ ਸੈਂਪਲਾ ਨੇ ਕਿਹਾ ਕਿ ਅੱਜ ਦਲਿਤ ਸਮਾਜ ਦਾ ਜੇਕਰ ਕੁਝ ਸੁਧਾਰ ਹੋਇਆ ਹੈ ਤਾਂ ਉਹ ਬਾਬਾ ਸਾਹਿਬ ਦੇ ਅਣਥੱਕ ਯਤਨਾਂ ਦਾ ਸਿੱਟਾ ਹੈ, ਜਦਕਿ ਸਮਾਜ ਸੇਵੀ ਆਗੂ ਮਨਪ੍ਰੀਤ ਗੜਾਂਗ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਸੋਚ ਮੁਤਾਬਿਕ ਸਮਾਜ ਭਲਾਈ ਦੇ ਕੰਮਾਂ 'ਚ ਯੋਗਦਾਨ ਪਾਉਣ ਚਾਹੀਦਾ ਹੈ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਚੌਕ ਪ੍ਰਧਾਨ ਧਰਮ ਸਿੰਘ ਟੋਨੀ, ਜਗਤਾਰ ਸਿੰਘ ਜੱਗੀ ਸਹੌੜਾਂ, ਜਸਵਿੰਦਰ ਸਿੰਘ ਚੋਲਟਾ, ਸੌਦਾਗਰ ਸਿੰਘ ਪੰਨੂਆਂ, ਮੇਜਰ ਸਿੰਘ ਦਾਊਾ, ਆਰ. ਏ. ਬੋਧ., ਰਾਜ ਕੁਮਾਰ, ਸੋਮਨਾਥ ਲਕਸ਼ਮਣ, ਚੰਦਰ ਸ਼ੇਖਰ, ਸੁਰਜੀਤ ਸਿੰਘ ਭੁੱਖੜੀ ਤੇ ਹੁਕਮ ਸਿੰਘ ਸਮੇਤ ਹੋਰ ਆਗੂ ਤੇ ਮੈਂਬਰ ਵੀ ਹਾਜ਼ਰ ਸਨ |
ਕਰਮਚਾਰੀ ਯੂਨੀਅਨ ਨੇ ਵਾਰਡ ਨੰ. 21 'ਚ ਡਾ. ਭੀਮ ਰਾਓ ਅੰਬੇਦਕਰ ਜੈਅੰਤੀ ਮਨਾਈ
ਖਰੜ, (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਕਰਮਚਾਰੀ ਯੂਨੀਅਨ ਖਰੜ ਵਲੋਂ ਵਾਰਡ ਨੰ. 21 ਵਿਖੇ ਅੱਜ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਮਿਤ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਪਹਿਲਾਂ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਸਾਹਮਣੇ ਨਤਮਸਤਕ ਹੋਣ ਉਪਰੰਤ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਜੈਅੰਤੀ ਦੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਕਰਮਚਾਰੀ ਯੂਨੀਅਨ ਦੇ ਸਮੂਹ ਆਗੂਆਂ ਵਲੋਂ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਫੁੱਲ ਮਾਲਾ ਭੇਟ ਕੀਤੀਆਂ ਗਈਆਂ | ਇਸ ਮੌਕੇ ਸਮਾਜ ਸੇਵੀ ਆਗੂ ਪੰਕਜ ਚੱਢਾ ਤੇ ਰਣਜੀਤ ਸਿੰਘ, ਵਿਕਰਮ ਕੁਮਾਰ, ਵਿੱਕੀ ਭੁੱਲਰ, ਰਾਧੇ ਸ਼ਿਆਮ ਸਮੇਤ ਸਮੂਹ ਕਰਮਚਾਰੀ ਯੂਨੀਅਨ ਵਲੋਂ ਹਾਜ਼ਰੀ ਲਗਵਾਈ ਗਈ |
ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ
ਕੁਰਾਲੀ, (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੁਵਕ ਸੇਵਾਵਾਂ ਕਲੱਬ ਖੈਰਪੁਰ ਆਫ਼ ਰੈੱਡ ਰਿਬਨ ਕਲੱਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਵਿੱਕੀ ਖੈਰਪੁਰ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਉੱਘੇ ਸਮਾਜ ਸੇਵੀ ਤੇ ਯੂਥ ਆਗੂ ਦਿਲਪ੍ਰੀਤ ਸਿੰਘ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਸਾਹਿਬ ਵਲੋਂ ਦਰਸਾਏ ਗਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਦੀ ਜੀਵਨੀ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿ ਕਿਵੇਂ ਉਹ ਇਕ ਗ਼ਰੀਬ ਪਰਿਵਾਰ 'ਚ ਪੈਦਾ ਹੋਏ ਅਤੇ ਵੱਡੇ ਹੋ ਕੇ ਉਨ੍ਹਾਂ ਭਾਰਤ ਦਾ ਸੰਵਿਧਾਨ ਲਿਖਿਆ ਅਤੇ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਹੀ ਯਤਨ ਕਰਕੇ ਗ਼ਰੀਬਾਂ/ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ | ਇਸ ਮੌਕੇ ਮਨਜੀਤ ਸਿੰਘ ਗਰੇਵਾਲ, ਗੁਰਿੰਦਰ ਸਿੰਘ, ਗੁਰਚਰਨ ਸਿੰਘ, ਜਸਕਰਨ ਸਿੰਘ, ਰਿਤਿਕ, ਮਨੀ ਚੱਕਲਾਂ, ਮਨਦੀਪ ਸਿੰਘ, ਲਖਬੀਰ ਸਿੰਘ ਤੇ ਗੁਰਸੇਵਕ ਸਿੰਘ ਆਦਿ ਵੀ ਹਾਜ਼ਰ ਸਨ |
ਵਿਧਾਇਕ ਰੰਧਾਵਾ ਨੇ ਅੰਬੇਡਕਰ ਜੈਅੰਤੀ ਮੌਕੇ ਲੁਆਈ ਹਾਜ਼ਰੀ
ਲਾਲੜੂ, (ਰਾਜਬੀਰ ਸਿੰਘ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਸਥਿਤ ਡਾ. ਬੀ. ਆਰ. ਅੰਬੇਦਕਰ ਭਵਨ 'ਚ ਸੁਸਾਇਟੀ ਵਲੋਂ ਭਾਰਤ ਦੇ ਸੰਵਿਧਾਨ ਦੇ ਰਚੇਤਾ, ਮਹਾਨ ਸਮਾਜ ਸੁਧਾਰਕ ਅਤੇ ਵਿਦਵਾਨ ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ ਮੌਕੇ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ 'ਚ ਹਾਜ਼ਰੀ ਲੁਆਈ | ਇਸ ਮੌਕੇ ਵਿਧਾਇਕ ਰੰਧਾਵਾ ਨੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਅਤੇ ਸੰਵਿਧਾਨਕ ਮੁੱਲ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾ ਰਹੇ ਹਨ | ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਨੇ ਸਮਾਨਤਾ, ਨਿਆਂ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ, ਜਿਸ 'ਤੇ ਚੱਲ ਕੇ ਅਸੀਂ ਇਕ ਮਜਬੂਤ ਅਤੇ ਸਮਰੱਥ ਸਮਾਜ ਦੀ ਨਿਰਮਾਣ ਕਰ ਸਕਦੇ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਡਾ. ਅੰਬੇਦਕਰ ਦੇ ਦਰਸ਼ਨ ਨੂੰ ਅਪਣਾਉਂਦਿਆਂ ਲੋਕ-ਭਲਾਈ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਬਰਾਬਰੀ ਦੇ ਅਧਿਕਾਰ ਅਤੇ ਮੌਕੇ ਮਿਲ ਸਕਣ | ਇਸ ਮੌਕੇ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਸੁਸਾਇਟੀ ਮੈਂਬਰ ਅਤੇ ਵੱਡੀ ਗਿਣਤੀ 'ਚ ਸੰਗਤਾਂ ਵੀ ਹਾਜ਼ਰ ਸਨ |
ਚੰਡੀਗੜ੍ਹ ਕਾਂਗਰਸ ਵਲੋਂ ਡਾ. ਅੰਬੇਡਕਰ ਦੀ ਜਯੰਤੀ ਮੌਕੇ ਕਾਂਗਰਸ ਭਵਨ 'ਚ ਸ਼ਰਧਾਂਜਲੀ ਸਮਾਗਮ
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਕਾਂਗਰਸ ਕਮੇਟੀ ਵਲੋਂ ਕਾਂਗਰਸ ਭਵਨ ਵਿਚ ਭਾਰਤ ਰਤਨ ਡਾ. ਬੀ. ਆਰ ਅੰਬੇਡਕਰ ਦੀ ਜਯੰਤੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ. ਐਸ ਲੱਕੀ ਅਤੇ ਹੋਰ ਕਾਂਗਰਸ ਵਰਕਰਾਂ ਨੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਦੇਸ਼ ਪ੍ਰਤੀ ਇਤਿਹਾਸਕ ਯੋਗਦਾਨ ਨੂੰ ਯਾਦ ਕੀਤਾ | ਐਚ.ਐਸ ਲੱਕੀ ਨੇ ਇਸ ਮੌਕੇ ਕਿਹਾ ਕਿ ਡਾ. ਅੰਬੇਡਕਰ ਨੇ ਭਾਰਤ ਦਾ ਸੰਵਿਧਾਨ ਤਿਆਰ ਕਰਕੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰੀ, ਇਨਸਾਫ਼ ਅਤੇ ਅਧਿਕਾਰਾਂ ਦੀ ਮਜ਼ਬੂਤ ਨੀਂਹ ਪ੍ਰਦਾਨ ਕੀਤੀ | ਉਨ੍ਹਾਂ ਦਾ ਜੀਵਨ ਸਮਾਜਿਕ ਨਿਆਂ, ਸਮਾਵੇਸ਼ਤਾ ਅਤੇ ਲੋਕਤਾਂਤਿ੍ਕ ਮੁੱਲਾਂ ਦੀ ਪ੍ਰੇਰਣਾਦਾਇਕ ਮਿਸਾਲ ਹੈ | ਲੱਕੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬਾਬਾ ਸਾਹਿਬ ਦੇ ਵਿਚਾਰਾਂ ਅਤੇ ਉਨ੍ਹਾਂ ਵਲੋਂ ਸਥਾਪਿਤ ਕੀਤੇ ਗਏ ਸੰਵਿਧਾਨਕ ਮੁੱਲਾਂ ਨੂੰ ਅਪਣਾਉਣ ਦੀ ਬਹੁਤ ਜ਼ਰੂਰਤ ਹੈ, ਤਾਂ ਜੋ ਸਮਾਜ ਵਿਚ ਬਰਾਬਰੀ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ | ਇਸ ਸ਼ਰਧਾਂਜਲੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਕਾਂਗਰਸ ਦੇ ਸੀਨੀਅਰ ਆਗੂ, ਕੌਂਸਲਰ ਅਤੇ ਪਾਰਟੀ ਵਰਕਰ ਹਾਜ਼ਰ ਰਹੇ |
ਵਿਧਾਇਕ ਰੰਧਾਵਾ ਵਲੋਂ ਡਾ. ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ
ਜ਼ੀਰਕਪੁਰ, (ਹੈਪੀ ਪੰਡਵਾਲਾ)- ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਅੱਜ ਨਗਰ ਕੌਂਸਲ ਦਫ਼ਤਰ ਜ਼ੀਰਕਪੁਰ ਵਿਖੇ ਭਾਰਤੀ ਸੰਵਿਧਾਨ ਦੇ ਰਚੇਤਾ, ਮਹਾਨ ਸਮਾਜ ਸੁਧਾਰਕ ਅਤੇ ਵਿਦਵਾਨ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਹਾਜ਼ਰ ਨਗਰ ਕੌਂਸਲ ਦੇ ਅਧਿਕਾਰੀਆਂ, ਸਥਾਨਕ 'ਆਪ' ਆਗੂ ਅਤੇ ਲੋਕਾਂ ਦੇ ਜੁਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਬਾਬਾ ਸਾਹਿਬ ਦੀ ਸੋਚ ਅਤੇ ਉਨ੍ਹਾਂ ਦੇ ਸੰਵਿਧਾਨਕ ਮੁੱਲ ਅੱਜ ਵੀ ਸਾਡੇ ਲਈ ਮਾਰਗਦਰਸ਼ਕ ਹਨ | ਉਨ੍ਹਾਂ ਕਿਹਾ ਕਿ ਸਮਾਨਤਾ, ਨਿਆਂ ਅਤੇ ਹਰੇਕ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਹੀ ਡਾ. ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵੀ ਡਾ. ਅੰਬੇਦਕਰ ਦੇ ਸਿਧਾਂਤਾਂ 'ਤੇ ਚਲਦਿਆਂ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਅਤੇ ਸੁਵਿਧਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦਾ ਮੁੱਖ ਉਦੇਸ਼ ਇਕ ਅਜਿਹਾ ਸਮਾਜ ਤਿਆਰ ਕਰਨਾ ਹੈ, ਜਿਥੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਅੱਗੇ ਵਧਣ ਦਾ ਮੌਕਾ ਮਿਲੇ |