ਚੰਡੀਗੜ੍ਹ, 18 ਅਪ੍ਰੈਲ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਕੜਾ ਵਿਭਾਗ ਨੇ ਇਕ ਲਾਈਵ ਸਿਤਾਰ ਗਾਇਨ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਅੰਕੜਾ ਵਿਭਾਗ ਦੇ ਚੇਅਰਪਰਸਨ ਪ੍ਰੋ. ਨਰਿੰਦਰ ਕੁਮਾਰ ਨੇ ਉਦਘਾਟਨੀ ਭਾਸ਼ਣ ਵਿਚ ਮਾਨਸਿਕ ਤੰਦਰੁਸਤੀ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਸੰਗੀਤ ਭਾਵਨਾਤਮਕ ਸੰਤੁਲਨ ਪ੍ਰਦਾਨ ਕਰਦੇ ਹੋਏ ਰੋਜ਼ਾਨਾ ਰੁਟੀਨ ਦੀ ਇਕਸਾਰਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕਦਾ ਹੈ | ਇਸ ਗਾਇਨ ਵਿਚ ਸਹਾਇਕ ਪ੍ਰੋਫੈਸਰ ਸੰਗੀਤ ਵਿਭਾਗ ਡਾ. ਉਮੇਸ਼ ਕੁਮਾਰ ਸ਼ਾਮਲ ਹੋਏ | ਜਿਨ੍ਹਾਂ ਨੇ ਸਿਤਾਰ ਪੇਸ਼ਕਾਰੀ ਪੇਸ਼ ਕੀਤੀ | ਉਨ੍ਹਾਂ ਦੇ ਨਾਲ ਤਬਲੇ 'ਤੇ ਰਜਨੀਸ਼ ਧੀਮਾਨ ਅਤੇ ਬੰਸਰੀ 'ਤੇ ਬੰਟੀ ਆਰੀਆ ਮੌਜੂਦ ਸਨ | ਸੈਸ਼ਨ ਦੌਰਾਨ ਡਾ. ਉਮੇਸ਼ ਕੁਮਾਰ ਨੇ ਸੰਗੀਤ ਦੀ ਇਲਾਜ ਸੰਬੰਧੀ ਸੰਭਾਵਨਾ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਪ੍ਰਸਿੱਧ ਧੁੰਨ 'ਸ਼ਿਵ ਕੈਲਾਸ਼ ਕੇ ਵਾਸੀ' ਪੇਸ਼ ਕੀਤਾ | ਇਸ ਸਮਾਗਮ ਦਾ ਪ੍ਰਬੰਧ ਹਰਮਿੰਦਰ ਸਿੰਘ ਦਿਓਸੀ ਅਤੇ ਮੋਨਿਕਾ ਸੂਦ ਦੁਆਰਾ ਕੀਤਾ ਗਿਆ | ਫੈਕਲਟੀ ਮੈਂਬਰ, ਖੋਜ ਵਿਦਵਾਨ, ਸਟਾਫ਼ ਅਤੇ ਵਿਦਿਆਰਥੀ ਇਸ ਸੈਸ਼ਨ ਵਿਚ ਸ਼ਾਮਲ ਹੋਏ |