ਚੰਡੀਗੜ੍ਹ, 19 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਡੱਡੂਮਾਜਰਾ ਡੰਪਿੰਗ ਗਰਾਊਾਡ ਵਿਖੇ ਲੈਗੇਸੀ ਕੂੜੇ ਦੀ ਸਫ਼ਾਈ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਮੁੱਖ ਇੰਜੀਨੀਅਰ ਸੰਜੇ ਅਰੋੜਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਦੌਰੇ ਦੌਰਾਨ ਕਮਿਸ਼ਨਰ ਨੇ ਬਾਇਓ-ਮਾਈਨਿੰਗ ਅਤੇ ਕਚਰਾ ਪ੍ਰੋਸੈਸਿੰਗ ਕੰਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਟੀਚਿਆਂ ਦੀ ਪ੍ਰਾਪਤੀ ਵਿਚ ਹੋ ਰਹੀ ਦੇਰੀ 'ਤੇ ਗੰਭੀਰ ਚਿੰਤਾ ਜਤਾਈ | ਉਨ੍ਹਾਂ ਸਾਲਿਡ ਵੇਸਟ ਮੈਨੇਜਮੈਂਟ (ਐਸਡਬਲਯੂਐਮ) ਸੈੱਲ ਦੀ ਕਾਰਗੁਜ਼ਾਰੀ 'ਤੇ ਅਸਹਿਮਤੀ ਪ੍ਰਗਟ ਕਰਦਿਆਂ ਇਸ ਨੂੰ ਸੁਧਾਰਨ ਲਈ ਤੁਰੰਤ ਕਦਮ ਚੁੱਕਣ ਦੇ ਹੁਕਮ ਦਿੱਤੇ | ਉਨ੍ਹਾਂ ਸਖ਼ਤ ਰੁਖ ਅਪਣਾਉਂਦਿਆਂ ਐਸ.ਡਬਲਯੂ.ਐਮ ਦੇ ਇੰਚਾਰਜ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰੋਜੈਕਟ ਨੂੰ ਨਿਰਧਾਰਿਤ ਸਮੇਂ ਅੰਦਰ ਹਰ ਹਾਲਤ 'ਚ ਪੂਰਾ ਕੀਤਾ ਜਾਵੇ | ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਹੋਰ ਦੇਰੀ ਹੋਣ ਦੀ ਸੂਰਤ ਵਿਚ ਜ਼ਿੰਮੇਵਾਰੀ ਤੈਅ ਕਰਕੇ ਕਾਰਵਾਈ ਕੀਤੀ ਜਾਵੇਗੀ | ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਡੱਡੂਮਾਜਰਾ ਸਾਈਟ ਸ਼ਹਿਰ ਲਈ ਇੱਕ ਗੰਭੀਰ ਵਾਤਾਵਰਣਕ ਚੁਣੌਤੀ ਹੈ ਅਤੇ ਇਸ ਦੀ ਸਮੇਂ ਸਿਰ ਸਫ਼ਾਈ ਜਨਤਕ ਸਿਹਤ, ਸਫ਼ਾਈ ਅਤੇ ਨਿਵਾਸੀਆਂ ਦੀ ਜੀਵਨ ਗੁਣਵੱਤਾ ਸੁਧਾਰਨ ਲਈ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ ਨੇੜਲੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਲਈ | ਉਨ੍ਹਾਂ ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਲੈਗੇਸੀ ਕਚਰੇ ਦੀ ਵਿਗਿਆਨਕ ਤਰੀਕੇ ਨਾਲ ਪ੍ਰੋਸੈਸਿੰਗ, ਢੰਗ ਨਾਲ ਛਟਾਈ, ਲੀਚੇਟ ਮੈਨੇਜਮੈਂਟ ਅਤੇ ਧੂੜ ਨਿਯੰਤਰਣ ਵਰਗੀਆਂ ਪ੍ਰਕਿਰਿਆਵਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ | ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਦੀ ਨਿਰੰਤਰ ਮਾਨੀਟਰਿੰਗ ਕੀਤੀ ਜਾਵੇ, ਸਮੇਂ-ਸਿਰ ਪ੍ਰਗਤੀ ਰਿਪੋਰਟਾਂ ਪੇਸ਼ ਕੀਤੀਆਂ ਜਾਣ ਅਤੇ ਕੰਮ ਨੂੰ ਤੇਜ਼ ਕਰਨ ਲਈ ਲੋੜੀਂਦੀ ਮਸ਼ੀਨਰੀ ਅਤੇ ਮਨੱੁਖੀ ਸ਼ਕਤੀ ਤਾਇਨਾਤ ਕੀਤੀ ਜਾਵੇ | ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਇਸ ਪ੍ਰੋਜੈਕਟ 'ਤੇ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਚੰਡੀਗੜ੍ਹ ਨੂੰ ਸਾਫ਼-ਸੁਥਰਾ ਅਤੇ ਟਿਕਾਊ ਵਾਤਾਵਰਣ ਬਣਾਉਣ ਲਈ ਵਚਨਬੱਧ ਹੈ |