15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਮੁੱਖ ਮੰਤਰੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਵਿਸ਼ੇਸ਼ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੀਤਾ ਰਵਾਨਾ <br/>

Ad Position 21
No active advertisement
ਅਜੀਤ ਡੈਸਕ 06-05-2026
ਚੰਡੀਗੜ੍ਹ, 5 ਮਈ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਵਿਸ਼ੇਸ਼ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਯਾਤਰੀਆਂ ਨਾਲ ਗੱਲਬਾਤ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ | ਮੁੱਖ ਮੰਤਰੀ ਨੇ ਇਸ ਪਵਿੱਤਰ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਨੂੰ ਸੰਕਲਪ ਦਿਵਾਉਂਦਿਆਂ ਕਿਹਾ ਕਿ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ | ਇਹੀ ਇਸ ਯਾਤਰਾ ਦੀ ਸੱਚੀ ਸਫਲਤਾ ਹੋਵੇਗੀ | ਇਸ ਦੌਰਾਨ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਜੋ ਰੇਲ ਗੱਡੀ ਕੁਰੂਕਸ਼ੇਤਰ ਤੋਂ ਜਾ ਰਹੀ ਹੈ, ਉਹ ਦੋ ਮਹਾਨ ਤੀਰਥ ਅਸਥਾਨਾਂ ਵਿਚਕਾਰ ਪੁਲ ਦਾ ਕੰਮ ਕਰ ਰਹੀ ਹੈ | ਇੱਕ ਪਾਸੇ ਧਰਮ ਖੇਤਰ-ਕੁਰੂਕਸ਼ੇਤਰ ਹੈ, ਜਿੱਥੇ ਭਗਵਾਨ ਸ੍ਰੀ ਕਿ੍ਸ਼ਨ ਜੀ ਨੇ ਮੋਹ-ਗ੍ਰਸਤ ਅਰਜੁਨ ਦੇ ਮਾਧਿਅਮ ਰਾਹੀਂ ਸੰਸਾਰ ਨੂੰ ਗੀਤਾ ਦਾ ਉਪਦੇਸ਼ ਦੇ ਕੇ ਜੀਵਨ ਦਾ ਮਾਰਗ ਦਿਖਾਇਆ | ਇੰਨਾ ਹੀ ਨਹੀਂ, ਇਹ ਪਵਿੱਤਰ ਧਰਤੀ ਗੁਰੂ ਸਾਹਿਬਾਨ ਦੇ ਪਵਿੱਤਰ ਚਰਨਾਂ ਨਾਲ ਵੀ ਕਈ ਵਾਰ ਪਵਿੱਤਰ ਹੋਈ ਹੈ | ਦੂਜੇ ਪਾਸੇ, ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਨਾਂਦੇੜ ਉਹ ਪਵਿੱਤਰ ਅਸਥਾਨ ਹੈ, ਜਿੱਥੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ | ਇਨ੍ਹਾਂ ਦੋਵਾਂ ਪਵਿੱਤਰ ਅਸਥਾਨਾਂ ਨੂੰ ਜੋੜਨ ਵਾਲੀ ਇਹ ਵਿਸ਼ੇਸ਼ ਰੇਲ ਗੱਡੀ ਭਾਰਤ ਦੀ ਅਧਿਆਤਮਿਕ ਧਾਰਾ ਦੇ ਪ੍ਰਵਾਹ ਦਾ ਪ੍ਰਤੀਕ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਤੀਰਥ ਯਾਤਰਾਵਾਂ ਧਾਰਮਿਕ ਪ੍ਰੋਗਰਾਮ ਦੇ ਨਾਲ-ਨਾਲ ਸਮਾਜ ਨੂੰ ਜੋੜਨ ਦਾ ਸਾਧਨ ਹੁੰਦੀਆਂ ਹਨ | ਇਹ ਲੋਕਾਂ ਨੂੰ ਸੰਸਕਾਰਾਂ ਨਾਲ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੁੰਦੀਆਂ ਹਨ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਸੰਭਾਲ ਅਤੇ ਪ੍ਰਫੁੱਲਤਾ ਲਈ ਬੇਮਿਸਾਲ ਕਾਰਜ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਤਹਿਤ ਸ਼੍ਰੀ ਅਨੰਦਪੁਰ ਸਾਹਿਬ- ਸ਼੍ਰੀ ਫਤਹਿਗੜ੍ਹ ਸਾਹਿਬ- ਸ਼੍ਰੀ ਚਮਕੌਰ ਸਾਹਿਬ- ਫਿਰੋਜ਼ਪੁਰ- ਅੰਮਿ੍ਤਸਰ- ਖਟਕੜ ਕਲਾਂ- ਕਲਾਨੌਰ- ਪਟਿਆਲਾ ਵਿਰਾਸਤੀ ਸਰਕਟ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ਦੇ ਜਯੋਤੀਸਰ ਵਿੱਚ ਪਿਛਲੇ 25 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਨਮਨ ਕੀਤਾ ਸੀ | ਉਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸਿੱਕੇ, ਡਾਕ ਟਿਕਟ ਅਤੇ ਕੌਫੀ ਟੇਬਲ ਬੁੱਕ ਵੀ ਰਿਲੀਜ਼ ਕੀਤੀ | ਇਸ ਤੋਂ ਪਹਿਲਾਂ ਸਾਲ 2019 ਵਿੱਚ ਉਨ੍ਹਾਂ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਸੀ | ਤੀਰਥ ਯਾਤਰੀਆਂ ਲਈ ਅੰਮਿ੍ਤਸਰ ਤੋਂ ਨਾਂਦੇੜ ਤੱਕ ਵਿਸ਼ੇਸ਼ ਹਵਾਈ ਸੇਵਾ ਸ਼ੁਰੂ ਕੀਤੀ ਗਈ | (ਬਾਕੀ ਸਫ਼ਾ 6 'ਤੇ)
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਹਰ ਸਾਲ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦਾ ਫੈਸਲਾ ਲਿਆ | ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ | ਇਨ੍ਹਾਂ ਸਾਰੇ ਯਤਨਾਂ ਦਾ ਉਦੇਸ਼ ਸਾਡੀ ਆਸਥਾ ਨੂੰ ਮਜ਼ਬੂਤ ਕਰਨਾ ਅਤੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਸੱਚਖੰਡ ਹਜ਼ੂਰ ਸਾਹਿਬ, ਨਾਂਦੇੜ ਸਿੱਖ ਇਤਿਹਾਸ ਅਤੇ ਪਰੰਪਰਾ ਦਾ ਇੱਕ ਮਹੱਤਵਪੂਰਨ ਕੇਂਦਰ ਹੈ | ਇੱਥੇ ਜਾ ਕੇ ਹਰ ਸ਼ਰਧਾਲੂ ਨੂੰ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ, ਉਨ੍ਹਾਂ ਦੇ ਤਿਆਗ ਅਤੇ ਉਨ੍ਹਾਂ ਦੀ ਕੁਰਬਾਨੀ ਦਾ ਅਹਿਸਾਸ ਹੁੰਦਾ ਹੈ | ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਧਰਮ ਦੀ ਰੱਖਿਆ ਲਈ ਅਨਿਆ ਦੇ ਖਿਲਾਫ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਮਾਨਵਤਾ ਦੀ ਸੇਵਾ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬੀਤੀ 28 ਮਾਰਚ ਨੂੰ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਧਾਮ ਲਈ ਵਿਸ਼ੇਸ਼ ਤੀਰਥ ਰੇਲ ਗੱਡੀ ਭੇਜੀ ਗਈ ਸੀ | ਉਸ ਤੋਂ ਬਾਅਦ ਅੱਜ ਇਹ ਦੂਜੀ ਰੇਲ ਗੱਡੀ ਸ਼੍ਰੀ ਹਜ਼ੂਰ ਸਾਹਿਬ ਭੇਜੀ ਜਾ ਰਹੀ ਹੈ | ਅੱਜ ਸੂਬੇ ਦੇ 9 ਜ਼ਿਲਿ੍ਹਆਂ ਤੋਂ 800 ਤੋਂ ਵੱਧ ਸ਼ਰਧਾਲੂਆਂ ਨੂੰ ਤੀਰਥ ਯਾਤਰਾ 'ਤੇ ਭੇਜਿਆ ਜਾ ਰਿਹਾ ਹੈ | ਇਸ ਯਾਤਰਾ ਨੂੰ ਆਰਾਮਦਾਇਕ ਬਣਾਉਣ ਲਈ ਰੇਲ ਗੱਡੀ ਵਿੱਚ ਖਾਣ-ਪੀਣ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਇਹ ਸੰਕਲਪ ਹੈ ਕਿ ਸਾਡੇ ਬਜ਼ੁਰਗ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਸ਼ਰਧਾਲੂ ਪੈਸੇ ਦੀ ਘਾਟ ਕਾਰਨ ਤੀਰਥ ਯਾਤਰਾ ਤੋਂ ਵਾਂਝੇ ਨਾ ਰਹਿਣ | ਇਸੇ ਉਦੇਸ਼ ਨਾਲ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੋਰ ਤੀਰਥਾਂ ਦੇ ਦਰਸ਼ਨਾਂ ਲਈ ਵੀ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ | 'ਸਵਰਨ ਜਯੰਤੀ ਸਿੰਧੂ ਦਰਸ਼ਨ ਯੋਜਨਾ' ਤਹਿਤ 10 ਹਜ਼ਾਰ ਰੁਪਏ ਪ੍ਰਤੀ ਤੀਰਥ ਯਾਤਰੀ ਸਾਲਾਨਾ ਵਿੱਤੀ ਸਹਾਇਤਾ ਦੇਣ ਦਾ ਉਪਬੰਧ ਹੈ | 'ਕੈਲਾਸ਼ ਮਾਨਸਰੋਵਰ ਯਾਤਰਾ ਯੋਜਨਾ' ਤਹਿਤ 50 ਹਜ਼ਾਰ ਰੁਪਏ ਪ੍ਰਤੀ ਤੀਰਥ ਯਾਤਰੀ ਸਾਲਾਨਾ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ 8 ਜੂਨ, 2026 ਨੂੰ ਸੂਬੇ ਤੋਂ ਇਕ ਵਿਸ਼ਾਲ ਸੋਮਨਾਥ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ | ਸੋਮਨਾਥ ਮੰਦਰ ਸਾਡੀ ਅਟੁੱਟ ਆਸਥਾ, ਸੱਭਿਆਚਾਰਕ ਵਿਰਾਸਤ ਅਤੇ ਸਵੈ-ਮਾਣ ਦੇ ਪੁਨਰਜਾਗਰਣ ਦਾ ਪ੍ਰਤੀਕ ਹੈ | ਭਾਰਤ ਦੀ ਸੱਭਿਆਚਾਰਕ ਚੇਤਨਾ ਦੇ ਪ੍ਰਤੀਕ ਭਗਵਾਨ ਸ੍ਰੀ ਸੋਮਨਾਥ ਮਹਾਂਦੇਵ ਜਯੋਤਿਰਲਿੰਗ ਦੀ ਪਵਿੱਤਰ ਧਰਤੀ ਪ੍ਰਤੀ ਡੂੰਘੀ ਸ਼ਰਧਾ ਅਤੇ ਆਸਥਾ ਹੈ | ਭਾਰਤ ਸਰਕਾਰ ਵੱਲੋਂ 'ਸੋਮਨਾਥ ਸਵੈਮਾਨ ਉਤਸਵ - 1000 ਸਾਲ ਦੀ ਅਟੁੱਟ ਆਸਥਾ' ਦੇ ਤਹਿਤ 11 ਜਨਵਰੀ, 2027 ਤੱਕ ਇੱਕ ਸਾਲਾ ਰਾਸ਼ਟਰੀ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ | ਮੁੱਖ ਮੰਤਰੀ ਮੰਗਲਵਾਰ ਨੂੰ ਕੁਰੂਕਸ਼ੇਤਰ ਰੇਲਵੇ ਸਟੇਸ਼ਨ 'ਤੇ ਆਯੋਜਿਤ 'ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ' ਸਮਾਗਮ ਵਿੱਚ ਬੋਲ ਰਹੇ ਸਨ | ਉਨ੍ਹਾਂ ਕਿਹਾ ਕਿ 'ਸਵਰਨ ਜਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ' ਤਹਿਤ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰਾ (ਨਾਂਦੇੜ), ਸ਼੍ਰੀ ਨਨਕਾਣਾ ਸਾਹਿਬ, ਸ਼੍ਰੀ ਹੇਮਕੁੰਟ ਸਾਹਿਬ ਅਤੇ ਸ਼੍ਰੀ ਪਟਨਾ ਸਾਹਿਬ ਜਾਣ ਵਾਲੇ ਸੂਬੇ ਦੇ ਤੀਰਥ ਯਾਤਰੀਆਂ ਨੂੰ 6 ਹਜ਼ਾਰ ਰੁਪਏ ਪ੍ਰਤੀ ਤੀਰਥ ਯਾਤਰੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ | ਸਰਕਾਰ ਨੇ ਗੁਰਦੁਆਰਾ ਸ਼੍ਰੀ ਚਿੱਲਾ ਸਾਹਿਬ, ਸਿਰਸਾ ਨੂੰ 70 ਕਨਾਲ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ, ਜੋ ਕਿ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੀ ਗਈ ਹੈ | ਸੂਬੇ ਵਿਚ ਕਈ ਵਿੱਦਿਅਕ ਅਤੇ ਸਿਹਤ ਸੰਸਥਾਵਾਂ, ਸੜਕਾਂ, ਚੌਂਕਾਂ ਅਤੇ ਦੁਆਰਾਂ ਆਦਿ ਦੇ ਨਾਮ ਗੁਰੂ ਸਾਹਿਬਾਨ ਦੇ ਨਾਮ 'ਤੇ ਰੱਖੇ ਗਏ ਹਨ | ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਆਤਰੇਅ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਨਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਗਦੀਸ਼ ਝੀਂਡਾ, ਬੀਬੀ ਕਰਤਾਰ ਕੌਰ, ਉਪ ਪ੍ਰਧਾਨ ਧੂਮਨ ਸਿੰਘ ਕਿਰਮਚ, ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਕੰਵਲਜੀਤ ਕੌਰ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਆਸ਼ਾ ਵਰਕਰ ਅਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਸੀਟੂ ਵਲੋਂ ਮੰਗਾਂ ਸੰਬੰਧੀ ਦਿੱਤਾ ਧਰਨਾ <br/> ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 105ਵਾਂ ਦਿਨ-ਪੰਜਾਬ ਪੁਲਿਸ ਵਲੋਂ 586 ਥਾਵਾਂ 'ਤੇ ਛਾਪੇਮਾਰੀ, 249 ਗਿ੍ਫ਼ਤਾਰ
Ad Position 24