ਚੰਡੀਗੜ੍ਹ, 5 ਮਈ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ 'ਚ ਵਧ ਰਹੀਆਂ ਗੈਰ-ਕਾਨੂੰਨੀ ਕਬਜ਼ੇਬਾਜ਼ੀਆਂ ਨੂੰ ਰੋਕਣ ਲਈ ਨਗਰ ਨਿਗਮ (ਐਮਸੀਸੀ) ਨੇ ਸੈਕਟਰ 48 ਦੇ ਮੋਟਰ ਮਾਰਕੀਟ ਵਿਚ ਵਿਸ਼ੇਸ਼ ਮੁਹਿੰਮ ਚਲਾਈ | ਇਸ ਦੌਰਾਨ ਕਬਜ਼ਿਆਂ ਅਤੇ ਬੇਤਰਤੀਬੀ ਖੜ੍ਹੀਆਂ ਗੱਡੀਆਂ 'ਤੇ ਕਾਰਵਾਈ ਕਰਦਿਆਂ 14 ਲਾਵਾਰਿਸ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਅਤੇ 4 ਗੈਰ-ਕਾਨੂੰਨੀ ਵੈਂਡਰਾਂ ਨੂੰ ਮੌਕੇ ਤੋਂ ਹਟਾਇਆ ਗਿਆ | ਇਸ ਦੌਰਾਨ ਵੱਖ-ਵੱਖ ਉਲੰਘਣਾਂ ਲਈ ਕੁੱਲ 18 ਚਲਾਨ ਵੀ ਕੱਟੇ ਗਏ | ਇਹ ਕਾਰਵਾਈ ਤਹਿਬਾਜ਼ਾਰੀ ਇੰਸਪੈਕਟਰ ਦੀ ਦੇਖ-ਰੇਖ ਹੇਠ ਕੀਤੀ ਗਈ, ਜਿਸ 'ਚ ਤਿੰਨ ਸਬ-ਇੰਸਪੈਕਟਰਾਂ ਦੀ ਟੀਮ ਨੇ ਸਹਿਯੋਗ ਦਿੱਤਾ | ਮੁਹਿੰਮ ਦੌਰਾਨ ਪੂਰੀ ਕਾਰਵਾਈ ਸ਼ਾਂਤੀਪੂਰਨ ਢੰਗ ਨਾਲ ਅਮਲ 'ਚ ਲਿਆਂਦੀ ਗਈ | ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਮਕਸਦ ਸਰਕਾਰੀ ਥਾਵਾਂ ਤੋਂ ਭੀੜ ਘਟਾਉਣਾ, ਆਵਾਜਾਈ ਨੂੰ ਸੁਚਾਰੂ ਬਣਾਉਣਾ ਅਤੇ ਮਾਰਕੀਟ ਖੇਤਰ 'ਚ ਕਾਨੂੰਨ-ਵਿਵਸਥਾ ਕਾਇਮ ਕਰਨੀ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਆਗਾਮੀ ਸਮੇਂ ਵਿਚ ਵੀ ਜਾਰੀ ਰਹਿਣਗੀਆਂ ਤਾਂ ਜੋ ਸ਼ਹਿਰ ਵਿਚ ਜਨਤਕ ਅਨੁਸ਼ਾਸਨ ਬਣਿਆ ਰਹੇ ਅਤੇ ਸਰਕਾਰੀ ਜ਼ਮੀਨ 'ਤੇ ਗੈਰ-ਅਧਿਕਾਰਿਤ ਕਬਜ਼ਿਆਂ ਨੂੰ ਰੋਕਿਆ ਜਾ ਸਕੇ |