ਐੱਸ. ਏ. ਐੱਸ. ਨਗਰ, 5 ਮਈ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ਸੀ. ਜੀ. ਸੀ. ਯੂ. ਈ. ਟੀ.-2026 ਤੋਂ ਪਹਿਲਾਂ ਸੱਦੀ ਪ੍ਰੈਸ ਕਾਨਫ਼ਰੰਸ ਦੌਰਾਨ ਆਪਣੇ ਨਵੇਂ ਅਕਾਦਮਿਕ ਮਾਡਲ ਨੂੰ ਪੇਸ਼ ਕੀਤਾ | ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਉਹ ਪੜ੍ਹਾਈ ਨੂੰ ਸਿਰਫ ਕਿਤਾਬਾਂ ਤੱਕ ਹੀ ਸੀਮਿਤ ਨਾ ਰੱਖ ਕੇ ਉਦਯੋਗ ਨਾਲ ਜੋੜਨਾ ਚਾਹੁੰਦਾ ਹੈ | ਇਸ ਮੌਕੇ 50 ਕਰੋੜ ਦੀ ਸੀ. ਜੀ. ਸੀ. ਯੂ. ਈ. ਟੀ. ਸਕਾਲਰਸ਼ਿਪ ਯੋਜਨਾ ਦਾ ਐਲਾਨ ਕਰਦਿਆਂ ਸੀ. ਜੀ. ਸੀ. ਝੰਜੇੜੀ ਦੇ ਵਾਈਸ ਚਾਂਸਲਰ ਡਾ. ਵਿਨੈ ਗੋਇਲ ਅਤੇ ਐਸੋਸੀਏਟ ਡਾਇਰੈਕਟਰ ਐਡਮਿਸ਼ਨ ਤੇ ਮਾਰਕੀਟ ਵਿਸ਼ਵਦੀਪ ਸਿੰਘ ਚੌਹਾਨ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਮਕਸਦ ਹੋਣਹਾਰ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਮੌਕੇ ਦੇਣਾ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਖੇਡਾਂ 'ਚ ਅੱਗੇ ਰਹਿਣ ਵਾਲੇ ਵਿਦਿਆਰਥੀਆਂ ਲਈ 2 ਕਰੋੜ ਦੀ ਸਪੋਰਟਸ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਉਹ ਨਤੀਜਾ-ਆਧਾਰਿਤ ਪੜ੍ਹਾਈ ਅਤੇ ਪ੍ਰੈਕਟੀਕਲ ਸਿਖਲਾਈ 'ਤੇ ਜ਼ੋਰ ਦੇ ਰਹੇ ਹਨ | ਐਮ. ਬੀ. ਏ. ਪਲੱਸ ਵਰਗੇ ਕੋਰਸਾਂ ਸਮੇਤ ਮੈਟਾ ਸਕੂਲ ਆਫ਼ ਬਿਜ਼ਨੈੱਸ ਅਤੇ ਨਿਊਟਨ ਸਕੂਲ ਆਫ਼ ਟੈਕਨਾਲੋਜੀ 'ਚ ਨਵੇਂ ਤਰੀਕੇ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਥੇ ਵਿਦਿਆਰਥੀਆਂ ਨੂੰ ਆਈ. ਬੀ. ਐਮ., ਈ. ਵਾਈ, ਕੈਪਜੈਮਿਨੀ ਅਤੇ ਓ. ਐਸ.-ਐਸ. ਸੀ. ਆਈ. ਵਰਗੀਆਂ ਕੰਪਨੀਆਂ ਨਾਲ ਜੁੜੇ ਕੋਰਸਾਂ ਦਾ ਮੌਕਾ ਮਿਲਦਾ ਹੈ | ਉਨ੍ਹਾਂ ਆਪਣੇ ਸੈਂਟਰ ਆਫ਼ ਐਕਸੀਲੈਂਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜੋ ਕਿ ਕੈਪਜੈਮਿਨੀ, ਡਬਲਿਊ. ਐਨ. ਐਸ., ਅਸ਼ੋਕਾ ਲੇਲੈਂਡ, ਵਰਟੂਸਾ ਅਤੇ ਫੋਰਮ ਇੰਜੀਨੀਅਰਿੰਗ ਵਰਗੀਆਂ ਕੰਪਨੀਆਂ ਨਾਲ ਮਿਲ ਕੇ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸੈਂਟਰ 'ਚ ਵਿਦਿਆਰਥੀ ਅਸਲੀ ਪ੍ਰਾਜੈਕਟਾਂ 'ਤੇ ਕੰਮ ਕਰਦੇ ਹਨ ਅਤੇ ਉਦਯੋਗ ਦੀ ਸਮਝ ਹਾਸਿਲ ਕਰਦੇ ਹਨ | ਉਨ੍ਹਾਂ ਕਿਹਾ ਕਿ ਸੰਸਥਾ ਦੀ ਪੜ੍ਹਾਈ ਦਾ ਢੰਗ ਲਾਈਵ ਪ੍ਰਾਜੈਕਟਾਂ, ਇੰਟਰਨਸ਼ਿਪ, ਸਿਮੂਲੇਸ਼ਨ ਅਤੇ ਵੱਖ-ਵੱਖ ਵਿਸ਼ਿਆਂ ਦੀ ਮਿਲੀ-ਜੁਲੀ ਸਿਖਲਾਈ 'ਤੇ ਆਧਾਰਿਤ ਹੈ, ਜਿਸ ਨਾਲ ਵਿਦਿਆਰਥੀ ਪ੍ਰੈਕਟੀਕਲ ਤਜਰਬਾ ਹਾਸਿਲ ਕਰਕੇ ਨੌਕਰੀ ਲਈ ਤਿਆਰ ਹੋ ਸਕਣਗੇ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ 'ਚ ਆਪਣਾ ਕੰਮ ਸ਼ੁਰੂ ਕਰਨ ਦੀ ਸੋਚ ਨੂੰ ਵਧਾਉਣ ਲਈ ਵੈਂਚਰਨੇਸਟ ਨਾਂਅ ਦਾ ਪਲੇਟਫਾਰਮ ਵੀ ਚਲਾਇਆ ਜਾ ਰਿਹਾ ਹੈ, ਜਿਥੇ ਕਿ ਉਨ੍ਹਾਂ ਨੂੰ ਆਪਣੇ ਆਈਡੀਆਜ਼ ਨੂੰ ਅੱਗੇ ਵਧਾਉਣ ਲਈ ਮਦਦ ਮਿਲਦੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਦਾ ਪਲੇਸਮੈਂਟ ਸਿਸਟਮ ਵੀ ਮਜ਼ਬੂਤ ਹੈ, ਜਿਥੇ ਕਿ ਵੱਡੀਆਂ ਕੰਪਨੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਕੈਂਪਸ 'ਚ ਵਿਦਿਆਰਥੀਆਂ ਵਲੋਂ ਚਲਾਇਆ ਜਾਣ ਵਾਲਾ ਕਰੀਅਰ ਐਡਵਾਂਸਮੈਂਟ ਐਂਡ ਟ੍ਰੇਨਿੰਗ ਕੌਸ਼ਲ ਸੈੱਲ ਵੀ ਸਰਗਰਮ ਹੈ, ਜੋ ਕਿ ਉਨ੍ਹਾਂ ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰਦਾ ਹੈ | ਨਾਲ ਹੀ ਮੂਟ ਕੋਰਟ ਵਰਗੀਆਂ ਸਹੂਲਤਾਂ ਕਾਨੂੰਨੀ ਸਿੱਖਿਆ ਨੂੰ ਹੋਰ ਵਧੀਆ ਬਣਾਉਂਦੀਆਂ ਹਨ | ਉਨ੍ਹਾਂ ਏ. ਆਈ-ਆਧਾਰਿਤ ਕੈਂਪਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜਿਸ ਨਾਲ ਪੜ੍ਹਾਈ ਅਤੇ ਪ੍ਰਬੰਧਨ ਦੋਵਾਂ 'ਚ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੰਸਥਾ ਸਿਰਫ ਡਿਗਰੀਆਂ ਤੱਕ ਹੀ ਸੀਮਿਤ ਨਹੀਂ, ਸਗੋਂ ਅਜਿਹੇ ਵਿਦਿਆਰਥੀ ਤਿਆਰ ਕਰਨ ਲਈ ਤੱਤਪਰ ਹੈ, ਜੋ ਕਿ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ |