ਚੰਡੀਗੜ੍ਹ, 5 ਮਈ (ਸੁਖਵਿੰਦਰ ਸਿੰਘ ਸ਼ਾਨ)- ਆਈ.ਸੀ.ਐਸ.ਈ. ਬੋਰਡ ਵਲੋਂ ਪਿਛਲੇ ਦਿਨੀਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ ਵਿਚ ਦੀਪ ਸਿੰਘ ਸੀੜਾ ਨੇ 98.8 ਫੀਸਦੀ ਅੰਕ (494/500) ਨੰਬਰ ਪ੍ਰਾਪਤ ਕਰਕੇ ਟਰਾਈਸਿਟੀ ਵਿਚ ਦੂਸਰਾ ਰੈਂਕ ਪ੍ਰਾਪਤ ਕੀਤਾ ਹੈ | ਉਹ ਸੇਂਟ ਸਟੀਫਨ ਸਕੂਲ ਚੰਡੀਗੜ੍ਹ ਦਾ ਵਿਦਿਆਰਥੀ ਹੈ ਦੀਪ ਸਿੰਘ ਨੇ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਉਸ ਦੇ ਸਕੂਲ ਅਧਿਆਪਕਾਂ ਅਤੇ ਪਿਤਾ ਜਸਵਿੰਦਰ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਉਸ ਨੂੰ ਪੜ੍ਹਾਈ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ | ਵਿਦਿਆਰਥੀ ਦੀਪ ਸਿੰਘ ਸੀੜਾ ਨੇ ਦੱਸਿਆ ਕਿ ਉਹ ਹੁਣ ਆਈ.ਆਈ.ਟੀ. ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਵਿਚ ਸਿਵਲ ਸਰਵਿਸਿਜ਼ ਪ੍ਰੀਖਿਆ ਦੇਣ ਦਾ ਇੱਛੁਕ ਹੈ | ਉਸ ਦੇ ਪਿਤਾ ਜਸਵਿੰਦਰ ਸਿੰਘ ਮਾਲ ਵਿਭਾਗ ਵਿਚ ਬਤੌਰ ਜ਼ਿਲ੍ਹਾ ਮਾਲ ਅਫ਼ਸਰ ਸੇਵਾਵਾਂ ਨਿਭਾ ਰਹੇ ਹਨ ਅਤੇ ਮਾਤਾ ਘਰੇਲੂ ਕੰਮਕਾਰ ਕਰਦੀ ਹੈ | ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੀਪ ਸਿੰਘ ਸੀੜਾ ਬਚਪਨ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਰਿਹਾ ਹੈ ਅਤੇ ਉਸ ਲਈ ਟਰਾਈਸਿਟੀ ਵਿਚ ਦੂਸਰਾ ਰੈਂਕ ਪ੍ਰਾਪਤ ਕਰਨਾ ਉਸ ਦੀ ਮੰਜ਼ਿਲ ਦਾ ਪਹਿਲਾ ਮੁਕਾਮ ਹੈ |