ਚੰਡੀਗੜ੍ਹ, 8 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਵਿਚ ਡੰਪਿੰਗ ਗਰਾਊਾਡ ਦੇ ਕੂੜੇ ਨੂੰ ਗ਼ੈਰ-ਕਾਨੰੂਨੀ ਤਰੀਕੇ ਨਾਲ ਜ਼ਮੀਨ ਹੇਠਾਂ ਦੱਬਣ ਦੇ ਦੋਸ਼ਾਂ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਗਰਮਾ ਗਈ ਹੈ | ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿਚ ਉੱਚ ਪੱਧਰੀ ਜਾਂਚ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਪਾਲ ਨੇ ਭਾਜਪਾ ਸ਼ਾਸਿਤ ਨਗਰ ਨਿਗਮ ਤੇ ਚੰਡੀਗੜ੍ਹ ਪ੍ਰਸ਼ਾਸਨ 'ਤੇ ਸ਼ਹਿਰ ਨੂੰ ਵਾਤਾਵਰਨਕ ਸੰਕਟ ਵੱਲ ਧੱਕਣ ਦੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਸੈਕਟਰ-47 ਤੇ ਸੈਕਟਰ-50 ਨੇੜਲੇ ਇਲਾਕਿਆਂ 'ਚ ਡੰਪਿੰਗ ਗਰਾਊਾਡ ਦਾ ਜ਼ਹਿਰੀਲਾ ਕੂੜਾ ਗ਼ੈਰਕਾਨੰੂਨੀ ਤਰੀਕੇ ਨਾਲ ਜ਼ਮੀਨ ਹੇਠਾਂ ਦੱਬਿਆ ਜਾ ਰਿਹਾ ਹੈ ਜਿਸ ਨਾਲ ਭਵਿੱਖ ਵਿਚ ਭੂਜਲ ਅਤੇ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ | ਚੰਡੀਗੜ੍ਹ 'ਆਪ' ਦੇ ਸੂਬਾ ਪ੍ਰਧਾਨ ਵਿਜੇ ਪਾਲ ਦੀ ਅਗਵਾਈ ਹੇਠ ਇਕ ਵਫ਼ਦ ਨੇ ਸੈਕਟਰ-19 ਸਥਿਤ ਨੈਸ਼ਨਲ ਗ੍ਰੀਨ ਟਿ੍ਬਿਊਨਲ ਨੂੰ ਈਮੇਲ ਰਾਹੀਂ ਵਿਸਥਾਰਪੂਰਵਕ ਮੈਮੋਰੈਂਡਮ ਭੇਜ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਇਸ ਦੇ ਨਾਲ ਹੀ ਚੇਅਰਮੈਨ ਪ੍ਰਦੂਸ਼ਨ ਕੰਟਰੋਲ ਕਮੇਟੀ ਤੇ ਚੀਫ਼ ਕਨਜ਼ਰਵੇਟਰ ਆਫ ਫਾਰੇਸਟ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ | ਪਾਰਟੀ ਵਫ਼ਦ ਨੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਨਾਲ ਮੁਲਾਕਾਤ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰਾਂ ਖ਼ਿਲਾਫ਼ ਫੌਜਦਾਰੀ ਕਾਰਵਾਈ ਦੀ ਮੰਗ ਕੀਤੀ | ਇਸ ਦੀ ਇਕ ਕਾਪੀ ਮੇਅਰ ਸੌਰਭ ਜੋਸ਼ੀ ਨੂੰ ਵੀ ਭੇਜੀ ਗਈ | ਵਫ਼ਦ 'ਚ ਜਨਰਲ ਸਕੱਤਰ ਓਮਕਾਰ ਸਿੰਘ ਔਲਖ, ਦਿਹਾਤੀ ਪ੍ਰਧਾਨ ਜਗਪਾਲ, ਸਾਬਕਾ ਮੇਅਰ ਕੁਲਦੀਪ ਕੁਮਾਰ, ਮੁੱਖ ਬੁਲਾਰੇ ਤੇ ਕੌਂਸਲਰ ਯੋਗੇਸ਼ ਢੀਂਗਰਾ, ਸੂਬਾ ਮੀਡੀਆ ਇੰਚਾਰਜ ਵਿਕਰਾਂਤ ਏ. ਤੰਵਰ ਤੇ ਖ਼ਜ਼ਾਨਚੀ ਜੇ.ਡੀ. ਘਈ ਵੀ ਸ਼ਾਮਲ ਸਨ | 'ਆਪ' ਆਗੂਆਂ ਨੇ ਦੋਸ਼ ਲਗਾਇਆ ਕਿ 'ਸਿਟੀ ਬਿਊਟੀਫੁਲ' ਵਜੋਂ ਜਾਣਿਆ ਜਾਂਦਾ ਚੰਡੀਗੜ੍ਹ ਹੁਣ ਹੌਲੀ-ਹੌਲੀ 'ਕੂੜੇ ਦਾ ਕਬਰੀਸਤਾਨ' ਬਣਦਾ ਜਾ ਰਿਹਾ ਹੈ | ਆਗੂਆਂ ਦਾ ਕਹਿਣਾ ਸੀ ਕਿ ਸੈਕਟਰ-47 ਤੇ 50 ਨੇੜਲੇ ਜੰਗਲਾਤੀ ਖੇਤਰਾਂ 'ਚ 20 ਤੋਂ 25 ਫੁੱਟ ਡੂੰਘੇ ਖੱਡੇ ਖੋਦ ਕੇ ਡੰਪਿੰਗ ਗਰਾਉਂਡ ਦਾ ਕੂੜਾ ਦੱਬਿਆ ਜਾ ਰਿਹਾ ਹੈ | ਪਾਰਟੀ ਆਗੂਆਂ ਨੇ ਦਾਅਵਾ ਕੀਤਾ ਕਿ ਨਿਰੀਖਣ ਦੌਰਾਨ ਸੜਿਆ ਪਲਾਸਟਿਕ, ਬਦਬੂਦਾਰ ਕਚਰਾ ਤੇ ਜ਼ਮੀਨ ਹੇਠਾਂ ਦੱਬਿਆ ਜ਼ਹਿਰੀਲਾ ਮਲਬਾ ਮਿਲਿਆ ਹੈ | ਆਗੂਆਂ ਨੇ ਸਵਾਲ ਉਠਾਇਆ ਕਿ ਪੰਜਾਬ ਵਿਚ ਇਸੇ ਤਰ੍ਹਾਂ ਦੇ ਮਾਮਲੇ 'ਚ ਵਾਤਾਵਰਨ ਸੁਰੱਖਿਆ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਤਹਿਤ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ ਪਰ ਚੰਡੀਗੜ੍ਹ ਵਿਚ ਅਜੇ ਤੱਕ ਕਿਸੇ ਅਧਿਕਾਰੀ ਜਾਂ ਠੇਕੇਦਾਰ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ | ਪਾਰਟੀ ਆਗੂਆਂ ਨੇ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਜਾਂਚ ਐਨ.ਜੀ.ਟੀ. ਦੀ ਨਿਗਰਾਨੀ ਹੇਠ ਕਰਵਾਈ ਜਾਵੇ, ਪ੍ਰਭਾਵਿਤ ਖੇਤਰਾਂ ਦੀ ਮਿੱਟੀ ਤੇ ਭੂਜਲ ਦੀ ਤੁਰੰਤ ਜਾਂਚ ਹੋਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰਾਂ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਜਾਵੇ |