ਕੁਰਾਲੀ, 8 ਮਈ (ਬਿੱਲਾ ਅਕਾਲਗੜ੍ਹੀਆ)- ਨਗਰ ਕੌਂਸਲ ਚੋਣਾਂ ਦਾ ਰਸਮੀ ਐਲਾਨ ਭਾਵੇਂ ਅਜੇ ਨਹੀਂ ਹੋਇਆ, ਪਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਹਰ ਵਾਰਡ ਵਿਚ ਆਪਣੇ ਉਮੀਦਵਾਰ ਖੜ੍ਹੇ ਕਰਨ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਸੇ ਤਹਿਤ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਾ ਨੰਨਹੇੜ੍ਹੀਆਂ ਵਲੋਂ ਵੀ ਅੱਜ ਚੋਣ ਸਰਗਰਮੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਸੰਬੰਧੀ ਸੀਨੀਅਰ ਆਗੂ ਹਰਦੀਪ ਸਿੰਘ ਨੱਗਲਗੜ੍ਹੀਆ ਦੀ ਅਗਵਾਈ 'ਚ ਵਾਰਡ ਨੰਬਰ 12 ਵਿਖੇ ਰੱਖੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੱਤਰ ਨੰਨਹੇੜ੍ਹੀਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਟਕਦੀਆਂ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਤੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਬਹੁਜਨ ਸਮਾਜ ਪਾਰਟੀ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਸਾਰੇ ਹੀ ਵਾਰਡਾਂ 'ਚ ਪੜ੍ਹੇ ਲਿਖੇ ਉਮੀਦਵਾਰ ਉਤਾਰੇਗੀ | ਉਨ੍ਹਾਂ ਕਿਹਾ ਕਿ ਸਮੇਂ ਸਮੇਂ 'ਤੇ ਬਣੀਆਂ ਸਰਕਾਰਾਂ ਨੇ ਕੁਰਾਲੀ ਸ਼ਹਿਰ ਨੂੰ ਹਮੇਸ਼ਾ ਅਣਗੌਲਿਆ ਕੀਤਾ ਹੈ | ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਤੋਂ ਹੀ ਚੋਣ ਤਿਆਰੀਆਂ 'ਚ ਜੁੱਟ ਜਾਣ | ਰਾਜਾ ਨੇ ਕਿਹਾ ਕਿ ਜੇਕਰ ਕੋਈ ਪਾਰਟੀ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਇਹ ਚੋਣਾਂ ਲੜਨਾ ਚਾਹੁਦੀ ਹੈ ਤਾਂ ਉਹ ਉਨ੍ਹਾਂ ਨਾਲ ਰਲਕੇ ਇਹ ਚੋਣਾਂ ਲੜਨ ਲਈ ਤਿਆਰ ਹਨ | ਇਸ ਮੌਕੇ ਸੀਨੀਅਰ ਆਗੂ ਜਗਦੇਵ ਸਿੰਘ ਪਵਾਰ, ਮਾ. ਨਛੱਤਰ ਸਿੰਘ, ਮੁਖਤਿਆਰ ਸਿੰਘ, ਕੈਪਟਨ ਚਰਨਜੀਤ ਸਿੰਘ, ਹਰਦੀਪ ਸਿੰਘ ਨੱਗਲਗੜ੍ਹੀਆ, ਗਿਆਨ ਸਿੰਘ ਪਟਵਾਰੀ, ਜਸਵੀਰ ਸਿੰਘ, ਸਰਬਜੀਤ ਸਿੰਘ, ਸਵਰਨ ਸਿੰਘ, ਰਮਨਦੀਪ ਸਿੰਘ, ਗੁਰਬਚਨ ਚੰਦ, ਸਤਵਿੰਦਰ ਸਿੰਘ ਸੋਢੀ, ਬਾਬਾ ਗੁਰਵਿੰਦਰ ਸਿੰਘ ਸਮੇਤ ਹੋਰ ਵਰਕਰ ਹਾਜ਼ਰ ਸਨ |