ਐੱਸ. ਏ. ਐੱਸ. ਨਗਰ, 8 ਮਈ (ਤਰਵਿੰਦਰ ਸਿੰਘ ਬੈਨੀਪਾਲ)- ਆਈ. ਈ. ਏ. ਟੀ. ਅਧਿਆਪਕ ਜਥੇਬੰਦੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਫੇਜ਼-8 ਸਥਿਤ ਵਿੱਦਿਆ ਭਵਨ ਅੱਗੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਅਧਿਆਪਕਾਂ ਨੇ ਵਿੱਦਿਆ ਭਵਨ ਦੇ ਦੋਵੇਂ ਗੇਟ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ 16-17 ਸਾਲਾਂ ਤੋਂ ਸਰਕਾਰੀ ਸਕੂਲਾਂ 'ਚ ਬਹੁਤ ਹੀ ਨਿਗੁਣੀਆਂ ਤਨਖ਼ਾਹਾਂ /ਮਾਣ-ਭੱਤਿਆ 'ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਸ਼ੇ੍ਰਣੀ ਤੱਕ ਸਮਾਵੇਸ਼ੀ ਸਿੱਖਿਆ ਦੇ ਅਧੀਨ ਪੜ੍ਹਾ ਰਹੇ ਹਨ ਤੇ ਉਹ ਐਮ. ਏ., ਬੀ. ਐੱਡ., ਤੇ ਟੈੱਟ ਕਲੀਅਰ ਕਰਨ ਤੋਂ ਇਲਾਵਾ ਈ. ਟੀ. ਟੀ. ਅਤੇ ਐਨ. ਟੀ. ਟੀ. ਆਦਿ ਸਪੈਸ਼ਲ ਡਿਗਰੀਆਂ ਸਮੇਤ ਜਨਰਲ ਡਿਪਲੋਮਾ ਹੋਲਡਰ ਹਨ ਪਰ ਵਿਭਾਗ ਨੇ ਕਾਗ਼ਜ਼ਾਂ ਵਿਚ ਉਨ੍ਹਾਂ ਨੂੰ ਸਿਰਫ਼ 12ਵੀਂ ਪਾਸ ਦਿਖਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਅਣ-ਟਰੇਡ ਕੇਡਰ ਦਾ ਸਭ ਤੋਂ ਹੇਠਲਾ ਸਕੇਲ 15 ਹਜ਼ਾਰ ਰੁ. ਦਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਨਾਲ ਹੋਈ ਬੇਇਨਸਾਫ਼ੀ ਸੰਬੰਧੀ ਡੀ.ਪੀ.ਆਈ. (ਅ. ਸ.) ਤੇ ਸਿੱਖਿਆ ਸਕੱਤਰ ਨੂੰ ਜਾਣੂ ਕਰਵਾਇਆ ਸੀ ਤੇ ਉਨ੍ਹਾਂ ਇਨਸਾਫ਼ ਦਿਵਾਉਣ ਦਾ ਵਾਅਦਾ ਵੀ ਕੀਤਾ ਸੀ ਪਰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਹਨ ਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਸੰਘਰਸ਼ ਨੂੰ ਤੇਜ ਕਰਦੇ ਹੋਏ ਗੁਪਤ ਐਕਸ਼ਨ ਕਰਨਗੇ |