ਐੱਸ. ਏ. ਐੱਸ. ਨਗਰ, 14 ਮਈ (ਕਪਿਲ ਵਧਵਾ)- ਮੁਹਾਲੀ ਦੇ ਸੈਕਟਰ-77 ਵਿਚ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਲਈ ਗਏ ਭਾਜਪਾ ਆਗੂ (ਸੇਵਾ-ਮੁਕਤ ਆਈ. ਏ. ਐੱਸ. ਅਧਿਕਾਰੀ) ਐੱਸ. ਆਰ. ਲੱਧੜ ਨਾਲ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਐੱਸ. ਆਰ. ਲੱਧੜ ਵਲੋਂ ਥਾਣਾ ਸੋਹਾਣਾ ਦੀ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਕੁਝ ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਕਰਨ, ਜਾਤੀ-ਸੂਚਕ ਸ਼ਬਦ ਬੋਲਣ, ਚੋਣ ਪ੍ਰਚਾਰ ਸਮੱਗਰੀ ਨੂੰ ਨੁਕਸਾਨ ਪਹੁੰਚਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ ਹਨ | ਸ਼ਿਕਾਇਤਕਰਤਾ ਐੱਸ. ਆਰ. ਲੱਧੜ ਨੇ ਦੱਸਿਆ ਕਿ ਉਹ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚੇ ਦੇ ਸੂਬਾ ਪ੍ਰਧਾਨ ਹਨ ਤੇ ਉਨ੍ਹਾਂ ਦਾ ਪੁੱਤਰ ਗੌਤਮ ਗਰੀਸ਼ ਲੱਧੜ ਵਾਰਡ ਨੰ. 40 ਤੋਂ ਨਗਰ ਨਿਗਮ ਦੀ ਚੋਣ ਲੜ ਰਿਹਾ ਹੈ | ਉਨ੍ਹਾਂ ਮੁਤਾਬਿਕ ਅੱਜ ਸਵੇਰੇ ਕਰੀਬ 7 ਵਜੇ ਉਹ ਵੈਦ ਗੁਪਤਾ ਤੇ ਸਵਾਮੀ ਕੈਲਾਸ਼ ਸ਼ਾਮ ਸਮੇਤ ਸੈਕਟਰ-77 ਵਿਚ ਚੋਣ ਪ੍ਰਚਾਰ ਕਰ ਰਹੇ ਸਨ | ਸ਼ਿਕਾਇਤ ਅਨੁਸਾਰ ਜਦੋਂ ਉਹ ਮਕਾਨ ਨੰ. 489 ਨੇੜੇ ਪਹੁੰਚੇ ਤਾਂ ਉਥੋਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਵਾਪਸ ਬੁਲਾ ਕੇ ਮੰਦੀ ਭਾਸ਼ਾ 'ਚ ਗੱਲਬਾਤ ਕੀਤੀ ਤੇ ਮੁਹੱਲੇ ਵਿਚ ਦੁਬਾਰਾ ਨਾ ਆਉਣ ਦੀ ਧਮਕੀ ਦਿੱਤੀ | ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਗਾਲੀ-ਗਲੋਚ ਕੀਤੀ ਅਤੇ ਇਸੇ ਦੌਰਾਨ ਇਕ ਮੋਨੇ ਨੌਜਵਾਨ ਸਮੇਤ ਕੁਝ ਹੋਰਨਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਹੇਠਾਂ ਸੁੱਟ ਕੇ ਮੁੱਕਿਆਂ ਅਤੇ ਇੱਟਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਮੌਕੇ 'ਤੇ ਉਨ੍ਹਾਂ ਦੀ ਚੋਣ ਪ੍ਰਚਾਰ ਸਮੱਗਰੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ | ਬਾਅਦ ਵਿਚ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੀ. ਸੀ. ਆਰ. ਟੀਮ ਅਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ | ਇਸ ਸੰਬੰਧੀ ਥਾਣਾ ਸੋਹਾਣਾ ਦੀ ਪੁਲਿਸ ਨੇ ਦੋ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |