17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮਹਿਲਾ ਕਾਂਗਰਸ ਵਲੋਂ ਰਾਜਧਾਨੀ 'ਚ ਮਹਿੰਗਾਈ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 19-05-2026
ਚੰਡੀਗੜ੍ਹ, 18 ਮਈ (ਵਿਕਰਮਜੀਤ ਸਿੰਘ ਮਾਨ) - ਚੰਡੀਗੜ੍ਹ ਮਹਿਲਾ ਕਾਂਗਰਸ ਵਲੋਂ ਅੱਜ ਪੈਟਰੋਲ, ਡੀਜ਼ਲ ਅਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਰਾਜਧਾਨੀ ਚੰਡੀਗੜ੍ਹ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ ਦੀ ਅਗਵਾਈ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ.ਐਸ. ਲੱਕੀ, ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਨੰਦਿਤਾ ਹੁੱਡਾ ਤੇ ਬਲਾਕ ਮਹਿਲਾ ਕਾਂਗਰਸ ਦੀ ਪ੍ਰਧਾਨ ਸੈਲਵੀ ਸੇਠੀ ਵਲੋਂ ਕੀਤੀ ਗਈ | ਪ੍ਰਦਰਸ਼ਨ ਦੌਰਾਨ ਮਹਿਲਾ ਕਾਂਗਰਸ ਅਤੇ ਕਾਂਗਰਸੀ ਵਰਕਰਾਂ ਨੇ ਹੱਥਾਂ ਵਿਚ ਝੰਡੇ, ਬੈਨਰ ਤੇ ਤਖ਼ਤੀਆਂ ਫੜ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੀ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਬਣਾ ਦਿੱਤੀ ਹੈ ਅਤੇ ਹਰ ਵਰਗ ਆਰਥਿਕ ਦਬਾਅ ਹੇਠ ਜੀਣ ਲਈ ਮਜਬੂਰ ਹੈ | ਸੰਬੋਧਨ ਕਰਦੇ ਹੋਏ ਐਚ.ਐਸ. ਲੱਕੀ ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਹਰ ਮੋਰਚੇ 'ਤੇ ਨਾਕਾਮ ਰਹੀ ਹੈ ਪਰ ਮਹਿੰਗਾਈ ਦੇ ਮਾਮਲੇ ਵਿਚ ਇਸ ਦੀ ਨਾਕਾਮੀ ਸਭ ਤੋਂ ਵੱਡੀ ਹੈ | ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿਚ ਜੇਕਰ ਕੋਈ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤਾਂ ਉਹ ਔਰਤਾਂ, ਨੌਜਵਾਨ, ਨੌਕਰੀਪੇਸ਼ਾ ਲੋਕ ਅਤੇ ਵਿਦਿਆਰਥੀ ਹਨ, ਜਿਨ੍ਹਾਂ ਲਈ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨਾ ਵੀ ਮੁਸ਼ਕਲ ਹੋ ਗਿਆ ਹੈ | ਲੱਕੀ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਨੇ ਆਮ ਆਦਮੀ ਦੀ ਕਮਰ ਤੋੜ ਦਿੱਤੀ ਹੈ | ਅੱਜ ਸੜਕ ਕਿਨਾਰੇ ਮਿਲਣ ਵਾਲੀ ਚਾਹ ਤੋਂ ਲੈ ਕੇ ਢਾਬਿਆਂ, ਰੈਸਟੋਰੈਂਟਾਂ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਖਾਦ ਪਦਾਰਥਾਂ ਤੱਕ ਹਰ ਚੀਜ਼ ਮਹਿੰਗੀ ਹੋ ਚੁੱਕੀ ਹੈ, ਜਿਸ ਦਾ ਸਿੱਧਾ ਅਸਰ ਆਮ ਪਰਿਵਾਰਾਂ ਦੇ ਬਜਟ 'ਤੇ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਸਨ, ਤਦ ਕੇਂਦਰ ਸਰਕਾਰ ਨੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ, ਪਰ ਜਿਵੇਂ ਹੀ ਵਿਸ਼ਵ ਪੱਧਰੀ ਸੰਕਟ ਆਇਆ, ਪੂਰਾ ਆਰਥਿਕ ਬੋਝ ਆਮ ਜਨਤਾ 'ਤੇ ਪਾ ਦਿੱਤਾ ਗਿਆ | ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਇਸ ਜ਼ਿੰਮੇਵਾਰੀ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ | ਐਚ.ਐਸ. ਲੱਕੀ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਕ ਪਾਸੇ ਦੇਸ਼ ਦੀ ਜਨਤਾ ਨੂੰ ਵਿਦੇਸ਼ ਯਾਤਰਾਵਾਂ ਘੱਟ ਕਰਨ ਅਤੇ ਪੈਟਰੋਲ-ਡੀਜ਼ਲ ਦੀ ਬੱਚਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਦਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਖੁਦ ਵਿਦੇਸ਼ ਦੌਰਿਆਂ ਅਤੇ ਵੱਡੇ-ਵੱਡੇ ਰੋਡ ਸ਼ੋਅਜ਼ ਵਿਚ ਸਰਕਾਰੀ ਸਰੋਤਾਂ ਦਾ ਖੁੱਲ੍ਹੇਆਮ ਇਸਤੇਮਾਲ ਕਰਦੇ ਹਨ |
ਉਨ੍ਹਾਂ ਕਿਹਾ ਕਿ ਦੇਸ਼ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਸਰਕਾਰ ਨੂੰ ਖੁਦ ਉਨ੍ਹਾਂ ਗੱਲਾਂ 'ਤੇ ਅਮਲ ਕਰਨਾ ਚਾਹੀਦਾ ਹੈ | ਮਹਿਲਾ ਕਾਂਗਰਸ ਦੀ ਪ੍ਰਧਾਨ ਨੰਦਿਤਾ ਹੁੱਡਾ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਦਾ ਸਭ ਤੋਂ ਵੱਧ ਅਸਰ ਦੇਸ਼ ਦੀਆਂ ਔਰਤਾਂ 'ਤੇ ਪੈ ਰਿਹਾ ਹੈ | ਇਕ ਮਹਿਲਾ ਪੂਰੇ ਪਰਿਵਾਰ ਦੀ ਰਸੋਈ ਤੇ ਘਰੇਲੂ ਖਰਚ ਸੰਭਾਲਦੀ ਹੈ ਪਰ ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਮੱਧਵਰਗੀ ਤੇ ਆਮ ਪਰਿਵਾਰਾਂ ਲਈ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੇ ਮਹਿਲਾ ਕਾਂਗਰਸ ਲੋਕਾਂ ਨੂੰ ਰਾਹਤ ਮਿਲਣ ਤੱਕ ਸੜਕਾਂ 'ਤੇ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਪ੍ਰਵੀਣ ਸ਼ਰਮਾ, ਟੀਟੂ, ਵਿਕਟਰ ਸਿੱਧੂ, ਗੁਰਚਰਨ, ਪਿ੍ੰਸ, ਮਹਿਲਾ ਕਾਂਗਰਸ ਦੀਆਂ ਨੇਤਰੀਆਂ ਰਿਤੂ ਛਾਬੜਾ, ਕੁਲਜੀਤ ਕੌਰ ਸੋਨੀਆ, ਸੁਮਨ ਲਤਾ, ਮਮਤਾ ਡੋਗਰਾ, ਰਾਣੋ ਦੇਵੀ, ਮਮਤਾ ਰਾਣਾ, ਰਜਨੀ ਤਲਵਾਰ, ਲਲਿਤਾ, ਬਬੀਤਾ, ਮਧੁ ਗੁਪਤਾ, ਰਾਜਰਾਨੀ, ਓਮ ਲਤਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੁਹਾਲੀ 'ਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ 1061 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ <b... ਅਗਲੀ ਖ਼ਬਰ ਪੀ.ਜੀ. ਵਿਚ ਦਾਖ਼ਲ ਹੋ ਕੇ ਕੁੜੀਆਂ ਨੂੰ ਡਰਾਉਣ ਵਾਲਾ ਮੁਲਜ਼ਮ ਕਮਾਨੀਦਾਰ ਚਾਕੂ ਸਮੇਤ ਕਾਬੂ
Ad Position 24