ਚੰਡੀਗੜ੍ਹ, 27 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਫਰਮਾਂ ਖ਼ਿਲਾਫ਼ ਚੱਲ ਰਹੀ ਕਾਰਵਾਈ ਤਹਿਤ ਸੈਕਟਰ-26 ਥਾਣਾ ਪੁਲਿਸ ਨੇ ਇਮੀਗ੍ਰੇਸ਼ਨ ਧੋਖਾਧੜੀ ਦੇ ਕਈ ਮਾਮਲਿਆਂ 'ਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਯੁਵਰਾਜ ਸੋਬਤੀ (ਇਮੀਗ੍ਰੇਸ਼ਨ ਕੰਪਨੀ ਮਾਲਕ) ਤੇ ਹਰਨੀਤ ਵਾਲੀਆ (ਮਹਿਲਾ ਮਨੇਜਰ) ਵਜੋਂ ਹੋਈ ਹੈ | ਪੁਲਿਸ ਅਨੁਸਾਰ ਬਬੀਤਾ ਨਾਮਕ ਅÏਰਤ ਨੇ ਆਪਣੇ ਭਰਾ ਵਿਵੇਕ ਕੁਮਾਰ ਦੀ ਤਰਫੋਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਨਿਊਜ਼ੀਲੈਂਡ ਵਿਚ ਵਰਕ ਪਰਮਿਟ ਅਤੇ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ | ਸ਼ਿਕਾਇਤ ਦੇ ਆਧਾਰ 'ਤੇ ਸੈਕਟਰ-26 ਥਾਣੇ 'ਚ 26 ਮਈ ਨੂੰ ਬੀ.ਐਨ.ਐਸ. ਦੀਆਂ ਵੱਖ-ਵੱਖ ਧਾਰਾਵਾਂ ਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ | ਜਾਂਚ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਜਿਸ ਦੇ ਆਧਾਰ 'ਤੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ | ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਸੈਕਟਰ-26 ਸਥਿਤ ਐਮ/ਐਸ ਟਰੂਵੇ ਕਨਸਲਟੈਂਸੀ ਪ੍ਰਾਈਵੇਟ ਲਿਮਿਟਡ ਨਾਮ ਦੀ ਫਰਮ ਚਲਾ ਰਹੇ ਸਨ | ਉਹ ਲੋਕਾਂ ਨੂੰ ਵਿਦੇਸ਼ ਭੇਜਣ, ਨੌਕਰੀ, ਵੀਜ਼ਾ ਫਾਈਲਿੰਗ ਤੇ ਦਸਤਾਵੇਜ਼ ਤਿਆਰ ਕਰਨ ਦੇ ਨਾਂਅ 'ਤੇ ਵੱਡੀਆਂ ਰਕਮਾਂ ਵਸੂਲਦੇ ਸਨ | ਪੈਸੇ ਇਕੱਠੇ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਦਫ਼ਤਰ ਬੰਦ ਕਰ ਦਿੱਤਾ ਤੇ ਗਾਇਬ ਹੋ ਗਏ | ਪੁਲਿਸ ਮੁਤਾਬਕ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੇ ਹੋਰ ਲੋਕਾਂ ਨਾਲ ਮਿਲ ਕੇ ਕਰੀਬ 59 ਲੱਖ 92 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ | ਦੋਵੇਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਸੈਕਟਰ-26 ਥਾਣੇ ਵਿਚ ਇਮੀਗ੍ਰੇਸ਼ਨ ਧੋਖਾਧੜੀ ਦੇ ਤਿੰਨ ਹੋਰ ਮਾਮਲੇ ਦਰਜ ਹਨ | ਅਦਾਲਤ ਵਿਖੇ ਅੱਜ ਪੇਸ਼ ਕੀਤੇ ਜਾਣ 'ਤੇ ਯੁਵਰਾਜ ਸੋਬਤੀ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਜਦਕਿ ਮਹਿਲਾ ਮਨੇਜਰ ਨੂੰ ਨਿਆਇਕ ਹਿਰਾਸਤ ਤਹਿਤ ਬੜੈਲ ਜੇਲ੍ਹ ਭੇਜਿਆ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |