ਚੰਡੀਗੜ੍ਹ, 1 ਜੂਨ (ਸੰਦੀਪ ਕੁਮਾਰ ਮਾਹਨਾ) - ਗੱਡੀਆਂ ਲਈ ਮਨਪਸੰਦ ਅਤੇ ਫੈਂਸੀ ਰਜਿਸਟਰੇਸ਼ਨ ਨੰਬਰ ਹਾਸਲ ਕਰਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ | ਇਸ ਦੀ ਤਾਜ਼ਾ ਮਿਸਾਲ ਚੰਡੀਗੜ੍ਹ 'ਚ ਸਾਹਮਣੇ ਆਈ, ਜਿੱਥੇ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ (ਆਰ.ਐਲ.ਏ.) ਵਲੋਂ ਨਵੀਂ ਸੀਰੀਜ਼ 'ਸੀਐਚ 01ਡੀਈ' ਦੇ ਫੈਂਸੀ ਅਤੇ ਚੋਣਵੇਂ ਨੰਬਰਾਂ ਲਈ ਕਰਵਾਈ ਗਈ ਤਿੰਨ ਦਿਨਾਂ ਈ-ਨਿਲਾਮੀ ਦੌਰਾਨ ਲੋਕਾਂ ਨੇ ਖ਼ਜ਼ਾਨੇ ਖੋਲ ਦਿੱਤੇ ਅਤੇ ਕਰੋੜਾਂ ਰੁਪਏ ਦੀਆਂ ਬੋਲੀਆਂ ਲਗਾ ਆਪਣੇ ਪਸੰਦੀਦਾ ਨੰਬਰ ਹਾਸਲ ਕੀਤੇ | ਈ ਨਿਲਾਮੀ ਦੌਰਾਨ 683 ਨੰਬਰਾਂ ਦੀ ਵਿਕਰੀ ਤੋਂ ਪ੍ਰਸ਼ਾਸਨ ਨੂੰ 4 ਕਰੋੜ 13 ਲੱਖ 71 ਹਜ਼ਾਰ ਰੁਪਏ ਦੀ ਆਮਦਨ ਹੋਈ, ਜਦਕਿ ਸੀ ਐਚ 01-ਡੀਈ-0003 ਨੰਬਰ ਸਭ ਤੋਂ ਵੱਧ 37.63 ਲੱਖ ਰੁਪਏ 'ਚ ਨਿਲਾਮ ਹੋਇਆ | ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ, ਯੂ.ਟੀ. ਚੰਡੀਗੜ੍ਹ ਵਲੋਂ 30 ਮਈ ਤੋਂ 1 ਜੂਨ ਤੱਕ ਕਰਵਾਈ ਗਈ ਇਸ ਈ-ਨਿਲਾਮੀ ਵਿਚ ਨਵੀਂ ਸੀਰੀਜ਼ 'ਸੀਐਚ01-ਡੀਈ' ਦੇ 0001 ਤੋਂ 9999 ਤੱਕ ਦੇ ਰਜਿਸਟਰੇਸ਼ਨ ਨੰਬਰਾਂ ਦੇ ਨਾਲ-ਨਾਲ ਪਿਛਲੀਆਂ ਸੀਰੀਜ਼ਾਂ ਦੇ ਬਾਕੀ ਬਚੇ ਫੈਂਸੀ ਤੇ ਵਿਸ਼ੇਸ਼ ਨੰਬਰ ਵੀ ਨਿਲਾਮ ਕੀਤੇ ਗਏ | ਨਿਲਾਮੀ ਦੌਰਾਨ ਖਾਸ ਨੰਬਰਾਂ ਲਈ ਵਾਹਨ ਮਾਲਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਈ ਨੰਬਰਾਂ ਲਈ ਤਿੱਖਾ ਮੁਕਾਬਲਾ ਰਿਹਾ | ਅੰਕੜਿਆਂ ਅਨੁਸਾਰ 'ਸੀ ਐਚ 01-ਡੀਈ-0003' ਸਭ ਤੋਂ ਮਹਿੰਗਾ ਨੰਬਰ ਸਾਬਤ ਹੋਇਆ, ਜਿਸ ਲਈ 37 ਲੱਖ 63 ਹਜ਼ਾਰ ਰੁਪਏ ਦੀ ਸਭ ਤੋਂ ਉੱਚੀ ਬੋਲੀ ਲੱਗੀ | ਇਸ ਤੋਂ ਬਾਅਦ 'ਸੀ ਐਚ 01-ਡੀਈ-0001' ਦੂਜਾ ਸਭ ਤੋਂ ਮਹਿੰਗਾ ਨੰਬਰ ਰਿਹਾ, ਜੋ 23 ਲੱਖ 55 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ | ਇਨ੍ਹਾਂ ਤੋਂ ਇਲਾਵਾ ਹੋਰ ਕਈ ਆਕਰਸ਼ਕ ਤੇ ਵਿਸ਼ੇਸ਼ ਨੰਬਰ ਵੀ ਲੱਖਾਂ ਰੁਪਏ ਵਿਚ ਵਿਕੇ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਫੈਂਸੀ ਨੰਬਰਾਂ ਦਾ ਕ੍ਰੇਜ਼ ਅਜੇ ਵੀ ਬਰਕਰਾਰ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਈ-ਨਿਲਾਮੀ ਪ੍ਰਣਾਲੀ ਕਾਰਨ ਨੰਬਰਾਂ ਦੀ ਵੰਡ 'ਚ ਪਾਰਦਰਸ਼ਤਾ ਆਈ ਹੈ ਅਤੇ ਲੋਕਾਂ ਨੂੰ ਆਪਣੇ ਮਨਪਸੰਦ ਨੰਬਰ ਹਾਸਲ ਕਰਨ ਦਾ ਬਰਾਬਰ ਮੌਕਾ ਮਿਲਦਾ ਹੈ | ਇਸ ਦੇ ਨਾਲ ਹੀ ਸਰਕਾਰੀ ਖਜ਼ਾਨੇ ਨੂੰ ਵੀ ਵੱਡਾ ਮਾਲੀਆ ਹਾਸਲ ਹੋ ਰਿਹਾ ਹੈ | ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਮੇਂ-ਸਮੇਂ 'ਤੇ ਨਵੀਆਂ ਸੀਰੀਜ਼ਾਂ ਜਾਰੀ ਕਰਕੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ ਜਾਂਦੀ ਹੈ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਵਾਹਨ ਮਾਹਿਰਾਂ ਦਾ ਮੰਨਣਾ ਹੈ ਕਿ ਵਧਦੀ ਆਰਥਿਕ ਸਮਰੱਥਾ ਅਤੇ ਸਮਾਜਿਕ ਸਾਖ ਨਾਲ ਜੁੜੇ ਰੁਝਾਨ ਕਾਰਨ ਖਾਸ ਨੰਬਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ | ਇਹੀ ਕਾਰਨ ਹੈ ਕਿ 0001, 0003, 0007, 0009, 0786 ਅਤੇ ਹੋਰ ਵਿਸ਼ੇਸ਼ ਅੰਕਾਂ ਵਾਲੇ ਨੰਬਰਾਂ ਲਈ ਹਰ ਨਵੀਂ ਨਿਲਾਮੀ 'ਚ ਵੱਡੀਆਂ ਬੋਲੀਆਂ ਲੱਗਦੀਆਂ ਹਨ | ਜ਼ਿਕਰਯੋਗ ਹੈ ਕਿ ਚੰਡੀਗੜ੍ਹ 'ਚ ਫੈਂਸੀ ਨੰਬਰਾਂ ਦੀਆਂ ਈ-ਨਿਲਾਮੀਆਂ ਪ੍ਰਸ਼ਾਸਨ ਲਈ ਮਾਲੀਆ ਇਕੱਠਾ ਕਰਨ ਦਾ ਇਕ ਅਹਿਮ ਸਰੋਤ ਬਣ ਚੁੱਕੀਆਂ ਹਨ | ਤਾਜ਼ਾ ਨਿਲਾਮੀ ਤੋਂ ਪ੍ਰਾਪਤ 4.13 ਕਰੋੜ ਰੁਪਏ ਦੀ ਆਮਦਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਖਾਸ ਰਜਿਸਟਰੇਸ਼ਨ ਨੰਬਰਾਂ ਲਈ ਲੋਕ ਵੱਡੀ ਰਕਮ ਖਰਚ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ |