ਫੋਕਲ ਪੁਆਇੰਟ ਡੇਰਾਬੱਸੀ 'ਚ ਨਵੇਂ 66 ਕੇ. ਵੀ. ਬਿਜਲੀ ਗਿ੍ੱਡ ਦਾ ਅੱਜ ਪੰਜਾਬ ਦੇ ਉਦਯੋਗ ਮੰਤਰੀ ਕਰਨਗੇ ਉਦਘਾਟਨ <br/>
ਅਜੀਤ ਡੈਸਕ
08-06-2026
ਤਰੁਣਪ੍ਰੀਤ ਸਿੰਘ ਸੌਂਧ ਅਤੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹਿਣਗੇ | ਇਸ ਸੰਬੰਧੀ ਡੇਰਾਬੱਸੀ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਨਿਰਦੋਸ਼ ਬਾਲੀ ਅਤੇ ਜਨਰਲ ਸਕੱਤਰ ਅਸ਼ੀਸ਼ ਕੌੜਾ ਨੇ ਦੱਸਿਆ ਕਿ ਪੀ. ਐਸ. ਆਈ. ਈ. ਸੀ. ਰਾਹੀਂ ਬਿਜਲੀ ਵਿਭਾਗ ਨੂੰ ਗਿ੍ੱਡ ਲਗਾਉਣ ਲਈ 1.18 ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਲਈ ਪੀ. ਐਸ. ਆਈ. ਈ. ਸੀ. ਇਸ ਜ਼ਮੀਨ ਲਈ ਬਿਜਲੀ ਵਿਭਾਗ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਪਰ ਚਾਰ ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਦੋਵਾਂ ਸਰਕਾਰੀ ਵਿਭਾਗਾਂ ਵਿਚਕਾਰ ਹੋਏ ਆਪਸੀ ਸਮਝੌਤੇ ਤੋਂ ਬਾਅਦ ਪਿਛਲੇ ਸਾਲ ਇਥੇ ਬਿਜਲੀ ਗਿ੍ੱਡ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ | ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ 'ਚ ਬਿਜਲੀ ਦਾ ਬੁਨਿਆਦੀ ਢਾਂਚਾ ਫ਼ਿਲਹਾਲ ਪੰਜ ਫੀਡਰਾਂ ਜਵਾਹਰਪੁਰ ਫੀਡਰ, ਊਸ਼ਾ ਕਾਸਟ ਫੀਡਰ, ਡੇਰਾਬੱਸੀ ਫੀਡਰ, ਹੈਬਤਪੁਰ ਫੀਡਰ ਤੇ ਗੋਇੰਦੀ ਫੀਡਰ (ਫੋਕਲ ਪੁਆਇੰਟ ਫੀਡਰ) ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਨਵਾਂ ਗਿ੍ੱਡ ਬਣਨ ਨਾਲ ਨਾ ਸਿਰਫ਼ ਇਨ੍ਹਾਂ ਪੰਜ ਫੀਡਰਾਂ ਦੇ ਨਾਂਅ ਅਤੇ ਏਰੀਆ ਜ਼ੋਨ ਬਦਲਣਗੇ, ਸਗੋਂ ਨਵੇਂ ਗਿ੍ੱਡ ਅਧੀਨ ਅੱਠ ਫੀਡਰਾਂ ਤੱਕ ਚਲਾਉਣ ਦੀ ਵੀ ਵਿਵਸਥਾ ਹੋਵੇਗੀ, ਜਿਸ ਨਾਲ ਬਿਜਲੀ ਦੀ ਸਪਲਾਈ ਬਿਹਤਰ ਤੇ ਨਿਰਵਿਘਨ ਹੋ ਜਾਵੇਗੀ | ਜ਼ਿਕਰਯੋਗ ਹੈ ਕਿ ਸਾਢੇ ਤਿੰਨ ਦਹਾਕੇ ਪੁਰਾਣੇ ਇਸ ਫੋਕਲ ਪੁਆਇੰਟ ਵਿਚ ਪਹਿਲਾਂ ਕੋਈ ਬਿਜਲੀ ਗਿ੍ੱਡ ਨਹੀਂ ਸੀ | ਇਥੇ ਬਿਜਲੀ ਦੀ ਸਪਲਾਈ ਪਹਿਲਾਂ ਸੈਦਪੁਰਾ ਦੇ 220 ਕੇ. ਵੀ. ਸਬ-ਸਟੇਸ਼ਨ ਅਤੇ ਬਾਅਦ 'ਚ ਮੁਬਾਰਿਕਪੁਰ ਦੇ ਗਿ੍ੱਡ ਤੋਂ ਦਿੱਤੀ ਜਾ ਰਹੀ ਸੀ | ਬਿਜਲੀ ਵਿਭਾਗ ਦੇ ਸੁਪਰਡੈਂਟ ਇੰਜੀ.ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਨਵੇਂ ਗਿ੍ੱਡ ਨੂੰ ਫ਼ਿਲਹਾਲ 220 ਕੇ. ਵੀ. ਗਿ੍ੱਡ ਬਨੂੰੜ ਤੋਂ ਸਪਲਾਈ ਮਿਲੇਗੀ ਅਤੇ ਜਦੋਂ ਮੁਬਾਰਿਕਪੁਰ ਦਾ 220 ਕੇ. ਵੀ. ਗਿ੍ੱਡ ਪੂਰੀ ਤਰ੍ਹਾਂ ਤਿਆਰ ਜਾਵੇਗਾ ਤਾਂ ਇਸ ਨੂੰ ਮੁਬਾਰਿਕਪੁਰ ਨਾਲ ਜੋੜ ਦਿੱਤਾ ਜਾਵੇਗਾ | ਇਸ ਗਿ੍ੱਡ 'ਤੇ ਲੋਡ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਥੇ 20 ਐਮ. ਵੀ. ਏ. ਲੋਡ ਦੀ ਸਮਰੱਥਾ ਵਾਲੇ ਦੋ ਪਾਵਰ ਟ੍ਰਾਂਸਫਾਰਮਰ ਰੱਖੇ ਗਏ ਹਨ ਜਿਸ ਨਾਲ ਕੁੱਲ 40 ਐਮ. ਵੀ. ਏ. ਲੋਡ ਦੀ ਸਮਰੱਥਾ ਤਿਆਰ ਕੀਤੀ ਗਈ ਹੈ | ਇਸ ਦੀ 60 ਫੀਸਦੀ ਸਮਰੱਥਾ ਪਹਿਲੇ ਹਫ਼ਤੇ 'ਚ ਹੀ ਚਾਲੂ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹੁਣ ਫੀਡਰਾਂ ਦੀ ਗਿਣਤੀ ਵਧਾ ਕੇ ਅੱਠ ਕੀਤੀ ਜਾ ਸਕੇਗੀ, ਜਿਸ ਨਾਲ ਬਿਜਲੀ ਸਪਲਾਈ 'ਚ ਸੁਧਾਰ ਹੋਵੇਗਾ, ਟ੍ਰਾਂਸਮਿਸ਼ਨ ਚਾਰਜਿਸ ਤੇ ਨੁਕਸਾਨ ਘਟਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਬਿਜਲੀ ਫ਼ਾਲਟ ਵੀ ਤੁਰੰਤ ਦਰੁਸਤ ਕੀਤਾ ਜਾ ਸਕੇਗਾ |