ਜ਼ੀਰਕਪੁਰ, 8 ਜੂਨ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਸੀ. ਆਈ. ਏ. ਸਟਾਫ਼ ਦੇ ਮੁਲਾਜ਼ਮ ਬਣ ਕੇ ਸੁਨਿਆਰੇ ਨਾਲ ਕੁੱਟਮਾਰ ਤੇ ਲੁੱਟ-ਖੋਹ ਕਰਨ ਵਾਲੇ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ 2 ਮੁਲਜ਼ਮਾਂ ਦੀ ਭਾਲ ਜਾਰੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਗੌਰਵ ਗੋਇਲ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਨ੍ਹਾਂ ਦੀ ਚੰਡੀਗੜ੍ਹ-ਅੰਬਾਲਾ ਰੋਡ 'ਤੇ ਐਮ. ਜੀ. ਜਵੈਲਰਜ਼ ਨਾਮਕ ਦੁਕਾਨ ਹੈ | 5 ਜੂਨ ਨੂੰ ਦੁਪਹਿਰ 3.50 ਵਜੇ ਦੇ ਕਰੀਬ ਇਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਉਸ ਦੀ ਦੁਕਾਨ ਦੇ ਬਾਹਰ ਆ ਕੇ ਰੁਕੀ ਅਤੇ ਤਿੰਨ ਵਿਅਕਤੀ ਗੱਡੀ 'ਚੋਂ ਉਤਰੇ | ਉਨ੍ਹਾਂ 'ਚੋਂ ਇਕ ਨੇ ਖਾਕੀ ਪੱਗ ਤੇ ਖਾਕੀ ਪੈਂਟ ਪਹਿਨੀ ਹੋਈ ਸੀ, ਜਦਕਿ ਦੂਜੇ ਵਿਅਕਤੀ ਦੇ ਹੱਥ 'ਚ ਫਾਈਲ ਸੀ | ਉਨ੍ਹਾਂ ਵਲੋਂ ਇਕ ਹੋਰ ਵਿਅਕਤੀ ਨੂੰ ਹੱਥ-ਕੜੀ ਲਗਾਈ ਗਈ ਸੀ | ਗੌਰਵ ਦੇ ਅਨੁਸਾਰ ਉਕਤ ਵਿਅਕਤੀ ਦੁਕਾਨ 'ਚ ਦਾਖ਼ਲ ਹੋਏ ਤੇ ਹੱਥ-ਕੜੀ ਵਾਲੇ ਵਿਅਕਤੀ ਨੂੰ ਥੱਪੜ ਮਾਰਦਿਆਂ ਕਿਹਾ ਕਿ ਉਸ ਨੇ ਚੋਰੀ ਦਾ ਸਾਮਾਨ ਇਸੇ ਨੂੰ ਵੇਚਿਆ ਹੈ | ਉਨ੍ਹਾਂ ਨੇ ਗੌਰਵ 'ਤੇ ਚੋਰੀ ਦਾ ਸਾਮਾਨ ਖ਼ਰੀਦਣ ਦਾ ਦੋਸ਼ ਲਗਾਇਆ ਤੇ ਦਾਅਵਾ ਕੀਤਾ ਕਿ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਗੌਰਵ ਨੂੰ ਹੱਥ-ਕੜੀ ਲਗਾਈ ਅਤੇ ਉਸ ਦਾ ਮੋਬਾਈਲ ਫ਼ੋਨ ਤੇ ਕਾਰ ਦੀਆਂ ਚਾਬੀਆਂ ਖੋਹ ਲਈਆਂ | ਉਨ੍ਹਾਂ ਨੇ ਉਸ ਨੂੰ ਜ਼ਬਰਦਸਤੀ ਸਕਾਰਪੀਓ ਗੱਡੀ 'ਚ ਬਿਠਾ ਲਿਆ | ਉਹ ਦੁਕਾਨ ਦੇ ਕਰਮਚਾਰੀ ਜੋਗਿੰਦਰ ਸਿੰਘ ਨੂੰ ਵੀ ਨਾਲ ਚੁੱਕ ਕੇ ਲੈ ਗਏ | ਰਸਤੇ 'ਚ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਤੇ 10 ਲੱਖ ਰੁ. ਦੀ ਮੰਗ ਕੀਤੀ | ਬਾਅਦ 'ਚ ਉਨ੍ਹਾਂ ਨੇ ਸੁਨਿਆਰੇ ਤੇ ਉਸ ਦੇ ਪਿਤਾ ਤੋਂ 5 ਲੱਖ ਰੁ. ਲਏ ਅਤੇ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਦੇ ਅਨੁਸਾਰ ਥੋੜ੍ਹੀ ਦੇਰ ਬਾਅਦ ਇਕ ਮੋਬਾਈਲ ਨੰਬਰ ਤੋਂ ਇਕ ਕਾਲ ਆਈ, ਜਿਸ 'ਚ ਕਥਿਤ ਰਿਕਵਰੀ ਦੇ ਹਿੱਸੇ ਵਜੋਂ 11 ਗ੍ਰਾਮ ਸੋਨਾ ਦਿਖਾਉਣ ਦੀ ਮੰਗ ਕੀਤੀ ਗਈ | ਉਸ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ |