08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਅਧੀਨ ਲਗਾਏ ਗਏ ਨਾਕਿਆਂ ਨਾਲ ਪੰਜਾਬ ਵਿਚ ਪੁਲਿਸ ਦੀ ਮੌਜੂਦਗੀ ਵਧੀ

Ad Position 21
No active advertisement
ਅਜੀਤ ਡੈਸਕ 23-06-2026
ਚੰਡੀਗੜ੍ਹ, 22 ਜੂਨ (ਅਜੀਤ ਬਿਊਰੋ)-ਸੂਬੇ ਭਰ ਵਿੱਚ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਪੁਲਿਸ ਨੇ ਸਾਰੇ ਜ਼ਿਲ੍ਹਿਆਂ ਵਿੱਚ ਮਹੱਤਵਪੂਰਨ ਜੰਕਸ਼ਨਾਂ ’ਤੇ ਰਣਨੀਤਕ ਨਾਕੇ ਲਗਾ ਕੇ ਪੁਲਿਸਿੰਗ ਨੂੰ ਹੋਰ ਮਜ਼ਬੂਤ ਕੀਤਾ ਹੈ। ਯਾਤਰੀਆਂ ਅਤੇ ਸੂਬਾ ਵਾਸੀਆਂ ਲਈ ਘੱਟੋ-ਘੱਟ ਪਰੇਸ਼ਾਨੀ ਨੂੰ ਯਕੀਨੀ ਬਣਾਉਂਦਿਆਂ ਪੁਲਿਸਿੰਗ ’ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਇਸ ਪਹਿਲ ਨਾਲ ਅਨੇਕਾਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਮਦਦ ਮਿਲੀ ਹੈ ਅਤੇ ਇਸ ਦੇ ਨਤੀਜੇ ਵਜੋਂ ਕਈ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀਆਂ ਮਹੱਤਵਪੂਰਨ ਬਰਾਮਦਗੀਆਂ ਕੀਤੀਆਂ ਗਈਆਂ ਹਨ।’ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਅਧੀਨ ਲਗਾਏ ਗਏ ਨਾਕਿਆਂ ਨਾਲ ਪੁਲਿਸ ਦੀ ਮੌਜੂਦਗੀ ਨੂੰ ਵਧਾਉਣ ਅਤੇ ਅਪਾਤਕਾਲੀਨ ਸਥਿਤੀਆਂ ਵਿਚ ਤੁਰੰਤ ਪ੍ਰਤੀਕਿਰਿਆ ਨੂੰ ਸਮਰੱਥ ਬਣਾਇਆ ਜਾ ਸਕਿਆ ਹੈ। ਇਹ ਨਾਕੇ ਜ਼ਿਲ੍ਹਿਆਂ ਵਿਚ ਸਰਗਰਮ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਰੋਕਣ ਲਈ ਇੱਕ ਪ੍ਰਭਾਵੀ ਸਾਧਨ ਸਿੱਧ ਹੋ ਰਹੇ ਹਨ। ਹਾਲ ਹੀ ਵਿਚ ਨਾਕਿਆਂ ’ਤੇ ਕੀਤੇ ਗਏ ਆਪ੍ਰੇਸ਼ਨਾਂ ਦੇ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੋਟਰਸਾਈਕਲ ‘ਤੇ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਕੋਲੋਂ ਦੋ 9 ਐੱਮਐੱਮ ਸਬ-ਮਸ਼ੀਨ ਗੰਨ ਅਤੇ ‘ਗਫ਼ਾਰ ਸਿਕਿਊਰਿਟੀ’ ਲਿਖੀ ਇਕ ਖਾਲੀ ਮੈਗਜ਼ੀਨ ਬਰਾਮਦ ਕੀਤੀ। ਅੰਮ੍ਰਿਤਸਰ ਪੁਲਿਸ ਨੇ ਇਕ ਨਾਕੇ ’ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 2.1 ਕਿਲੋ ਹੈਰੋਇਨ ਸਮੇਤ ਸੱਤ ਆਧੁਨਿਕ ਪਿਸਤੌਲ ਬਰਾਮਦ ਕੀਤੇ, ਜਿਸ ਵਿੱਚ ਤੁਰਕੀ ਦਾ ਬਣਿਆ 9 ਐਮਐਮ ਗਲੈਡੀਏਟਰ, 9 ਐਮਐਮ ਜ਼ਿਗਾਨਾ ਐਕਸ-ਸ਼ਾਟ, ਇਟਲੀ ਵਿਚ ਬਣਿਆ .30 ਬੋਰ ਬੇਰੇਟਾ, ਚੀਨ ਵਿਚ ਬਣਿਆ .30 ਬੋਰ ਜ਼ਿਗਾਨਾ, ਆਸਟਰੀਆ ਵਿੱਚ ਬਣਿਆ .30 ਬੋਰ ਪਿਸਤੌਲ ਅਤੇ ਚੀਨ ਵਿਚ ਬਣੇ ਦੋ .30 ਬੋਰ ਪਿਸਤੌਲ ਸ਼ਾਮਿਲ ਹਨ।ਇਕ ਹੋਰ ਕਾਰਵਾਈ ਵਿਚ ਗੁਰਦਾਸਪੁਰ ਪੁਲਿਸ ਨੇ ਦੀਨਾਨਗਰ ਵਿਖੇ ਇਕ ਸਕੂਟਰ ਨੂੰ ਨਾਕੇ ‘ਤੇ ਰੋਕ ਕੇ ਪਤੀ-ਪਤਨੀ ਨੂੰ 253 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸੇ ਖੇਤਰ ਵਿਚ ਪਨਿਆਰ ਸ਼ੂਗਰ ਮਿੱਲ ਨੇੜੇ ਲਗਾਏ ਗਏ ਨਾਕੇ ਦੌਰਾਨ ਇਕ ਹੋਰ ਦੋਸ਼ੀ ਨੂੰ ਛੇ ਪੈਕਟਾਂ ਵਿਚ ਪੈਕ ਕੀਤੀ ਹੋਈ 3 ਕਿਲੋਗ੍ਰਾਮ ਹੈਰੋਇਨ ਅਤੇ 2.25 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਾਂਝੇ ਆਪ੍ਰੇਸ਼ਨ ਵਿਚ, ਪੁਲਿਸ ਸਟੇਸ਼ਨ ਲਾਡੋਵਾਲ ਦੇ ਅਧਿਕਾਰ ਖੇਤਰ ਵਿਚ ਇਕ ਨਾਕੇ ’ਤੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ। ਪੁਲਿਸ ਟੀਮਾਂ ਨੇ ਦੋ .30 ਬੋਰ ਅਤੇ ਇੱਕ .315 ਬੋਰ ਸਮੇਤ ਤਿੰਨ ਪਿਸਤੌਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਦੋਸ਼ੀਆਂ ਵਲੋਂ ਵਰਤਿਆ ਜਾ ਰਿਹਾ ਬਿਨਾਂ ਰਜਿਸਟ੍ਰੇਸ਼ਨ ਨੰਬਰ ਵਾਲਾ ਬਜਾਜ ਸੀਟੀ-100 ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ।ਇਸ ਸਬੰਧੀ ਪੰਜਾਬ ਪੁਲਿਸ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਕਿਹਾ, “ਰਣਨੀਤਿਕ ਨਾਕਿਆਂ ਦੀ ਸਥਾਪਨਾ ਰਾਹੀਂ ਪੰਜਾਬ ਪੁਲਿਸ ਨਾ ਸਿਰਫ਼ ਲੋਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾ ਰਹੀ ਹੈ, ਸਗੋਂ ਅਪਰਾਧੀਆਂ ਅਤੇ ਅਸਮਾਜਿਕ ਤੱਤਾਂ ਦੀ ਆਵਾਜਾਈ ‘ਤੇ ਵੀ ਕੜੀ ਨਿਗਰਾਨੀ ਰੱਖ ਰਹੀ ਹੈ। ਵੱਖ-ਵੱਖ ਨਾਕਿਆਂ ਤੋਂ ਹੋਈਆਂ ਬਰਾਮਦਗੀਆਂ ਸਾਡੀ ਰਣਨੀਤੀ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀਆਂ ਹਨ। ਸਾਡਾ ਸੁਨੇਹਾ ਸਪੱਸ਼ਟ ਹੈ ਕਿ ਪੰਜਾਬ ਵਿੱਚ ਅਪਰਾਧੀਆਂ ਅਤੇ ਅਸਮਾਜਿਕ ਤੱਤਾਂ ਲਈ ਕੋਈ ਵੀ ਸੁਰੱਖਿਅਤ ਠਿਕਾਣਾ ਨਹੀਂ ਰਹੇਗਾ। ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਹਰ ਜ਼ਿਲ੍ਹੇ ਵਿੱਚ ਪਛਾਣੇ ਗਏ ਸਥਾਨਾਂ ‘ਤੇ ਅਸਥਾਈ ਨਾਕੇ ਲਗਾ ਕੇ ਪੁਲਿਸਿੰਗ ਅਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਰਹੇ ਹਨ।”
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਸਰਵਵਿਆਪੀ ਮਨੁੱਖੀ ਕਦਰਾਂ-ਕੀਮਤਾਂ ’ਤੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤ ਰਹੇ ਨਿਹੰਗ ਸਿੰਘਾਂ ਅਤੇ ਲੋਕਾਂ ਵਿਚਾਲੇ ਹੋਈ ਝੜਪ ਦੇ ਮਾਮਲੇ ’ਚ ਕੇਸ ਦਰਜ-ਸੋ...
Ad Position 24