ਚੰਡੀਗੜ੍ਹ, 22 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਵਿਖੇ ਸਰਵਵਿਆਪੀ ਮਨੁੱਖੀ ਕਦਰਾਂ ਕੀਮਤਾਂ (ਯੂਨੀਵਰਸਲ ਹਿਊਮਨ ਵੈਲਯੂਜ਼) ’ਤੇ ਪ੍ਰੋਗਰਾਮ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਦੀ ਰਹਿਨੁਮਾਈ ਹੇਠ ਕਰਵਾਇਆ। ਪ੍ਰੋਗਰਾਮ ਨੂੰ ਯੁਵਾ ਭਲਾਈ ਵਿਭਾਗ ਪੀ. ਯੂ. ਦਾ ਸਰਗਰਮ ਸਮਰਥਨ ਪ੍ਰਾਪਤ ਹੋਇਆ। ਪ੍ਰੋਗਰਾਮ ਵਿਚ ਭਾਰਤ ਦੇ ਵੱਖ-ਵੱਖ ਖੇਤਰਾਂ ਜਿਨ੍ਹਾਂ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਤੇ ਉੱਤਰਾਖੰਡ ਦੀ ਨੁਮਾਇੰਦਗੀ ਕਰਨ ਵਾਲੇ ਕਰੀਬ 80 ਡੈਲੀਗੇਟਾਂ ਨੇ ਉਤਸ਼ਾਹੀ ਭਾਗੀਦਾਰੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਆਈ. ਸੀ. ਐਸ. ਐਸ. ਆਰ-ਐਨ. ਡਬਲਿਯੂ .ਆਰ. ਸੀ ਦੀ ਡਾਇਰੈਕਟਰ ਪ੍ਰੋ. ਉਪਾਸਨਾ ਜੋਸ਼ੀ ਸੇਠੀ ਦੇ ਸਵਾਗਤੀ ਭਾਸ਼ਨ ਨਾਲ ਹੋਈ। ਜਿਨ੍ਹਾਂ ਨੇ ਵਿਸ਼ਵਵਿਆਪੀ ਮਨੁੱਖੀ ਕਦਰਾਂ-ਕੀਮਤਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਐਫ. ਡੀ. ਪੀ. ਦੇ ਕੋਆਰਡੀਨੇਟਰ ਪ੍ਰੋ. ਸ਼ੰਕਰ ਸਹਿਗਲ ਨੇ ਯੂਨੀਵਰਸਲ ਹਿਊਮਨ ਵੈਲਯੂਜ਼ ਨਾਲ ਆਪਣੀ ਨਿੱਜੀ ਯਾਤਰਾ ਸਾਂਝੀ ਕੀਤੀ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਲਤਿਕਾ ਸ਼ਰਮਾ ਨੇ ਪੀ. ਯੂ. ਵਿਖੇ ਯੂ. ਐਚ. ਵੀ. ਸੈੱਲ ਦੀ ਯਾਤਰਾ ਤੇ ਪ੍ਰਾਪਤੀਆਂ ’ਤੇ ਵਿਚਾਰ ਕੀਤਾ। ਉਨ੍ਹਾਂ ਨੇ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਅਜਿਹੇ ਹੋਰ ਫੈਕਲਟੀ ਵਿਕਾਸ ਪ੍ਰੋਗਰਾਮਾਂ ਨੂੰ ਕਰਵਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਨੇ ਯੂਨੀਵਰਸਲ ਮਨੁੱਖੀ ਮੁੱਲਾਂ ਦੇ ਮੁੱਖ ਸੰਕਲਪਾਂ ਬਾਰੇ ਵਿਸਥਾਰ ਨਾਲ ਦੱਸਿਆ। ਜਿਤੇਂਦਰ ਨਰੂਲਾ ਨੇ ਮੁੱਲ-ਅਧਾਰਤ ਸੰਪੂਰਨ ਸਿੱਖਿਆ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।