ਐੱਸ. ਏ. ਐੱਸ. ਨਗਰ, 22 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਪਿੰਡ ਭਾਗੋਮਾਜਰਾ ਦੀ ਪੰਚਾਇਤ ਤੇ ਵਸਨੀਕਾਂ ਵਲੋਂ ਪਿੰਡ ਨੇੜੇ ਕੰਪਨੀਆਂ ਵਲੋਂ ਉਸਾਰੀ ਦੌਰਾਨ ਧਰਤੀ ਵਿਚ ਸੀਵਰੇਜ ਦਾ ਪਾਣੀ ਛੱਡੇ ਜਾਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਪਿੰਡ ਭਾਗੋਮਾਜਰਾ ਦੇ ਸਰਪੰਚ ਗੁਰਜੰਟ ਸਿੰਘ ਪੂਨੀਆ, ਪੰਚਾਇਤ ਮੈਂਬਰਾਂ ਤੇ ਵਸਨੀਕਾਂ ਨੇ ਕਿਹਾ ਕਿ ਪਿੰਡ ਨੇੜੇ ਕਈ ਕੰਪਨੀਆਂ ਵਲੋਂ ਕੀਤੀਆਂ ਗਈਆਂ ਉਸਾਰੀਆਂ ਦੌਰਾਨ ਸੀਵਰੇਜ ਦਾ ਪਾਣੀ ਧਰਤੀ ਵਿਚ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਇਸ ਖੇਤਰ ਵਿਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਭਾਗੋਮਾਜਰਾ ਦੇ ਨੇੜੇ ਉਸਾਰੀਆਂ ਜਾ ਰਹੀਆਂ ਬਿਲਡਿੰਗਾਂ ਦੇ ਸੀਵਰੇਜ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਅਤੇ ਕੰਪਨੀਆਂ ਨੇ ਸੀਵਰੇਜ ਦਾ ਗੰਦਾ ਪਾਣੀ 250 ਫੁੱਟ ਡੂੰਘੇ ਬੋਰ ਕਰਕੇ ਧਰਤੀ ਵਿਚ ਛੱਡਿਆ ਹੋਇਆ, ਜਿਸ ਕਾਰਨ ਕਦੇ ਵੀ ਕੋਈ ਬਿਮਾਰੀ ਫੈਲ ਸਕਦੀ ਹੈ ਕਿਉਂਕਿ ਇਸ ਖੇਤਰ ਦੇ ਆਮ ਵਸਨੀਕ 200 ਤੋਂ ਲੈ ਕੇ 250 ਫੁੱਟ ਡੂੰਘੇ ਬੋਰ ਕਰਕੇ ਉਸ ਪਾਣੀ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਿੰਡ ਨੇੜਲੀਆਂ ਕੰਪਨੀਆਂ ਦੀ ਜਾਂਚ ਕਰਕੇ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕੱਢਣ ਅਤੇ ਜ਼ਮੀਨ ਵਿਚ ਡੂੰਘੇ ਬੋਰ ਕਰਕੇ ਸੀਵਰੇਜ ਦਾ ਗੰਦਾ ਪਾਣੀ ਛੱਡਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਸ ਸੰਬੰਧੀ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਪਿੰਡ ਵਾਸੀ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਬਲਜਿੰਦਰ ਸਿੰਘ ਭਾਗੋਮਾਜਰਾ, ਜਸਵੀਰ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਦੀਦਾਰ ਸਿੰਘ ਪੰਚ, ਅਜਾਇਬ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਰਣਜੀਤ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਸਾਬਕਾ ਸਰਪੰਚ, ਸੁਰਮੁੱਖ ਸਿੰਘ ਸਾਬਕਾ ਪੰਚ, ਕੁਲਵੰਤ ਸਿੰਘ, ਦਲਵੀਰ ਸਿੰਘ, ਹਰਬੰਸ ਲਾਲ, ਪਰਮਜੀਤ ਸਿੰਘ ਨੰਬਰਦਾਰ, ਰਮੇਸ਼ ਕੁਮਾਰ, ਗੁਰਚਰਨ ਸਿੰਘ ਤੇ ਰਜਿੰਦਰ ਸਿੰਘ ਸਮੇਤ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।