ਚੰਡੀਗੜ੍ਹ, 10 ਜੁਲਾਈ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਨੂੰ ਆਧੁਨਿਕ ਤੇ ਨਾਗਰਿਕ-ਅਨੁਕੂਲ ਸ਼ਹਿਰ ਬਣਾਉਣ ਦੇ ਮਕਸਦ ਨਾਲ ਮੇਅਰ ਸੌਰਭ ਜੋਸ਼ੀ ਨੇ ਸੈਕਟਰ-16 ਸਥਿਤ ਰੋਜ਼ ਕਲੱਬ ਦੇ ਨਵੀਨੀਕਰਨ ਪ੍ਰਾਜੈਕਟ ਦਾ ਪੀ. ਪੀ. ਪੀ. ਮਾਡਲ ਤਹਿਤ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਸੈਕਟਰ-16 ਮਾਰਕੀਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਸਫ਼ਾਈ, ਸਿਹਤਮੰਦ ਜੀਵਨ-ਸ਼ੈਲੀ ਤੇ ਨਸ਼ਾ ਮੁਕਤ ਸਮਾਜ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਨਿਗਮ ਕਮਿਸ਼ਨਰ ਅਮਿਤ ਕੁਮਾਰ, ਮੁੱਖ ਇੰਜੀਨੀਅਰ ਸੰਜੇ ਅਰੋੜਾ, ਨਿਗਮ ਦੇ ਹੋਰ ਸੀਨੀਅਰ ਅਧਿਕਾਰੀ, ਇਲਾਕੇ ਦੇ ਪ੍ਰਮੁੱਖ ਨਾਗਰਿਕ ਅਤੇ ਵੱਡੀ ਗਿਣਤੀ ’ਚ ਸਥਾਨਕ ਵਸਨੀਕ ਹਾਜ਼ਰ ਸਨ। ਮੇਅਰ ਸੌਰਭ ਜੋਸ਼ੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਗਰ ਨਿਗਮ ਦਾ ਟੀਚਾ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣਾ, ਜਨਤਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣਾ ਅਤੇ ਚੰਡੀਗੜ੍ਹ ਨੂੰ ਹੋਰ ਸਾਫ਼-ਸੁਥਰਾ, ਸਿਹਤਮੰਦ ਅਤੇ ਰਹਿਣ ਯੋਗ ਸ਼ਹਿਰ ਵਜੋਂ ਵਿਕਸਤ ਕਰਨਾ ਹੈ। ਨਗਰ ਨਿਗਮ ਵਿੱਤੀ ਅਨੁਸ਼ਾਸਨ ਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਅਜਿਹੇ ਪ੍ਰਾਜੈਕਟਾਂ ਨੂੰ ਤਰਜੀਹ ਦੇ ਰਿਹਾ ਹੈ, ਜੋ ਲੋਕਾਂ ਦੀ ਜੀਵਨ ਗੁਣਵੱਤਾ ’ਚ ਸੁਧਾਰ ਲਿਆ ਸਕਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਫ਼ਾਈ ਬਣਾਈ ਰੱਖਣ, ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਅਤੇ ਸ਼ਹਿਰ ਦੇ ਵਿਕਾਸ ਵਿਚ ਸਾਂਝੀ ਭੂਮਿਕਾ ਨਿਭਾਉਣ ਦੀ ਅਪੀਲ ਵੀ ਕੀਤੀ। ਮੇਅਰ ਸੌਰਭ ਜੋਸ਼ੀ ਨੇ ਦੱਸਿਆ ਕਿ ਸੈਕਟਰ-16 ਮਾਰਕੀਟ ਦੇ ਸੁਧਾਰ ਕਾਰਜਾਂ ਤਹਿਤ ਨਵੀਆਂ ਟਾਈਲਾਂ ਵਿਛਾਈਆਂ ਜਾਣਗੀਆਂ, ਸਜਾਵਟੀ ਲਾਈਟ ਪੋਲ ਲਗਾਏ ਜਾਣਗੇ ਅਤੇ ਸੀਵਰੇਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਜਿਸ ਨਾਲ ਵਪਾਰੀਆਂ ਅਤੇ ਆਮ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਨਗਰ ਨਿਗਮ ਆਉਣ ਵਾਲੇ ਸਮੇਂ ’ਚ ਵੀ ਨਾਗਰਿਕਾਂ ਨੂੰ ਬਿਹਤਰ ਜਨਤਕ ਸਹੂਲਤਾਂ ਪ੍ਰਦਾਨ ਕਰਨ, ਸਫ਼ਾਈ ਨੂੰ ਉਤਸ਼ਾਹਿਤ ਕਰਨ, ਸਿਹਤਮੰਦ ਜੀਵਨ-ਸ਼ੈਲੀ ਨੂੰ ਪ੍ਰੋਤਸਾਹਨ ਦੇਣ ਤੇ ਆਧੁਨਿਕ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਅਜਿਹੇ ਵਿਕਾਸ ਕਾਰਜ ਜਾਰੀ ਰੱਖੇਗਾ ਤਾਂ ਜੋ ਚੰਡੀਗੜ੍ਹ ਨੂੰ ਦੇਸ਼ ਦੇ ਸਭ ਤੋਂ ਸਾਫ਼, ਸਿਹਤਮੰਦ ਅਤੇ ਜੀਵੰਤ ਸ਼ਹਿਰਾਂ ਵਿਚ ਸ਼ਾਮਲ ਕੀਤਾ ਜਾ ਸਕੇ। ਨਿਗਮ ਦੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੇ ਦੱਸਿਆ ਕਿ ਪੀ.ਪੀ.ਪੀ ਮਾਡਲ ਤਹਿਤ ਰੋਜ਼ ਕਲੱਬ ਦਾ ਆਧੁਨਿਕ ਢੰਗ ਨਾਲ ਨਵੀਨੀਕਰਨ ਕੀਤਾ ਜਾਵੇਗਾ। ਸਮਾਗਮ ਦੌਰਾਨ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਪ੍ਰਸਿੱਧ ਗਾਇਕ, ਅਦਾਕਾਰ ਅਤੇ ਨਿਰਮਾਤਾ ਮਿਸਟਰ ਡੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿੱਖਿਆ, ਖੇਡਾਂ ਤੇ ਰਚਨਾਤਮਕ ਗਤੀਵਿਧੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਜੰਕ ਫੂਡ ਅਤੇ ਪ੍ਰੋਸੈਸਡ ਖੁਰਾਕ ਤੋਂ ਦੂਰ ਰਹਿਣ ਅਤੇ ਤਾਜ਼ੇ ਫ਼ਲਾਂ ਤੇ ਸਬਜ਼ੀਆਂ ਨੂੰ ਰੋਜ਼ਾਨਾ ਦੀ ਖੁਰਾਕ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ। ਸ਼ੈਫ ਵਿਕਾਸ ਚਾਵਲਾ ਨੇ ਸਿਹਤਮੰਦ ਅਤੇ ਜੈਵਿਕ ਭੋਜਨ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਾਜ਼ੀ, ਮੌਸਮੀ ਅਤੇ ਸਥਾਨਕ ਸਮੱਗਰੀ ਨਾਲ ਤਿਆਰ ਘਰੇਲੂ ਭੋਜਨ ਲੰਬੇ ਸਮੇਂ ਤੱਕ ਚੰਗੀ ਸਿਹਤ ਦਾ ਆਧਾਰ ਹੈ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ।