ਚੰਡੀਗੜ੍ਹ, 10 ਜੁਲਾਈ (ਸੰਦੀਪ ਕੁਮਾਰ ਮਾਹਨਾ)–ਕਦੇ ਸ਼ਹਿਰ ਦੀ ਸਭ ਤੋਂ ਵੱਡੀ ਵਾਤਾਵਰਨ ਚੁਣੌਤੀ ਮੰਨੇ ਜਾਂਦੇ ਡੱਡੂ ਮਾਜਰਾ ਦੇ ਪੁਰਾਣੇ ਕੂੜਾ ਡੰਪ ਨੂੰ ਹਰਿਆਲੀ ਵਿਚ ਤਬਦੀਲ ਕਰਨ ਦੀ ਮੁਹਿੰਮ ਨੂੰ ਨਵਾਂ ਮੀਲ ਪੱਥਰ ਮਿਲਿਆ। ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇੱਥੇ ‘ਵਣ ਮਹੋਤਸਵ’ ਤਹਿਤ ਰੁੱਖ ਲਗਾਉ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਇਸ ਪ੍ਰੋਜੈਕਟ ਨੂੰ ਵਾਤਾਵਰਨ ਸੰਭਾਲ ਅਤੇ ਟਿਕਾਊ ਵਿਕਾਸ ਦੀ ਮਿਸਾਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਨੂੰ ਵੀ ਜਨ ਅੰਦੋਲਨ ਬਣਾਉਣ ਦੀ ਲੋੜ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਕੁਦਰਤ ਦੀ ਰੱਖਿਆ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਰੁੱਖ ਆਕਸੀਜਨ, ਵਾਤਾਵਰਨ ਸੰਤੁਲਨ ਅਤੇ ਜੈਵਿਕ ਵਿਭਿੰਨਤਾ ਦੇ ਮੁੱਖ ਆਧਾਰ ਹਨ, ਇਸ ਲਈ ਹਰ ਵਿਅਕਤੀ ਨੂੰ ਘੱਟੋ-ਘੱਟ ਇੱਕ ਰੁੱਖ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਪ੍ਰਸ਼ਾਸਕ ਨੇ ਕਿਹਾ ਕਿ ਡੱਡੂ ਮਾਜਰਾ ਦੇ ਪੁਰਾਣੇ ਡੰਪਿੰਗ ਗਰਾਊਂਡ ਨੂੰ ਵਿਗਿਆਨਕ ਯੋਜਨਾਬੰਦੀ ਰਾਹੀਂ ਹਰੇ-ਭਰੇ ਖੇਤਰ ’ਚ ਬਦਲਣਾ ਚੰਡੀਗੜ੍ਹ ਦੀ ਵੱਡੀ ਵਾਤਾਵਰਨੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉ ਮੁਹਿੰਮ ਦੀ ਸਫ਼ਲਤਾ ਬੂਟੇ ਲਗਾਉਣ ਦੀ ਗਿਣਤੀ ਨਾਲ ਨਹੀਂ, ਸਗੋਂ ਉਨ੍ਹਾਂ ਦੇ ਬਚਾਅ ਅਤੇ ਵਿਕਾਸ ਨਾਲ ਮਾਪੀ ਜਾਣੀ ਚਾਹੀਦੀ ਹੈ। ਕਟਾਰੀਆ ਨੇ ਕਪੂਰ ਦਾ ਰੁੱਖ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਲੋਂ ਤਿਆਰ ‘ਗ੍ਰੀਨਿੰਗ ਚੰਡੀਗੜ੍ਹ ਐਕਸ਼ਨ ਪਲਾਨ’ ਕਿਤਾਬ ਵੀ ਜਾਰੀ ਕੀਤੀ। ਉਨ੍ਹਾਂ ‘ਵਣ ਵਿਭਾਗ ਆਪਕੇ ਦੁਆਰ’ ਯੋਜਨਾ ਤਹਿਤ ਲੋਕਾਂ ਵਿਚ ਰੁੱਖ ਵੰਡਣ ਲਈ ਤਿੰਨ ਵਾਹਨਾਂ ਅਤੇ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (ਐਨ-ਕੈਪ) ਅਧੀਨ ਹਵਾ ਦੀ ਗੁਣਵੱਤਾ ਸੁਧਾਰਨ ਲਈ ਤਾਇਨਾਤ 11 ਵਿਸ਼ੇਸ਼ ਵਾਹਨਾਂ ਨੂੰ ਵੀ ਹਰੀ ਝੰਡੀ ਦਿਖਾਈ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਜਿੱਥੇ ਪਹਿਲਾਂ ਕੂੜੇ ਦੇ ਪਹਾੜ ਅਤੇ ਬਦਬੂ ਹੁੰਦੀ ਸੀ, ਉੱਥੇ ਅੱਜ ਹਰਿਆਲੀ ਅਤੇ ਸਾਫ਼ ਵਾਤਾਵਰਨ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕ ਦੀ ਅਗਵਾਈ, ਸਥਾਨਕ ਲੋਕਾਂ ਅਤੇ ਵੱਖ-ਵੱਖ ਏਜੰਸੀਆਂ ਦੇ ਸਹਿਯੋਗ ਨਾਲ ਪੁਰਾਣੇ ਕੂੜੇ ਦੇ ਨਿਪਟਾਰੇ ਦਾ ਕੰਮ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ ਹੈ, ਜਿਸ ਨਾਲ ਸ਼ਹਿਰ ਦੀ ਇੱਕ ਵੱਡੀ ਵਾਤਾਵਰਨੀ ਸਮੱਸਿਆ ਦਾ ਹੱਲ ਹੋਇਆ ਹੈ। ਗ੍ਰਹਿ ਸਕੱਤਰ-ਕਮ-ਸਥਾਨਕ ਸਰਕਾਰ ਸਕੱਤਰ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਚੰਡੀਗੜ੍ਹ ਹੁਣ ਵਿਗਿਆਨਕ ਕੂੜਾ ਪ੍ਰਬੰਧਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵਲੋਂ ਸਥਾਪਤ ਕੀਤੇ ਜਾ ਰਹੇ ਕੰਪਰੈੱਸਡ ਬਾਇਓਗੈਸ ਪਲਾਂਟ ਨਾਲ ਨਗਰ ਨਿਗਮ ਦੇ ਠੋਸ ਕੂੜੇ ਦਾ ਟਿਕਾਊ ਢੰਗ ਨਾਲ ਨਿਪਟਾਰਾ ਸੰਭਵ ਹੋਵੇਗਾ। ਇਸ ਮੌਕੇ ਮੁੱਖ ਜੰਗਲਾਤ ਸੰਭਾਲ ਅਧਿਕਾਰੀ ਸੌਰਭ ਕੁਮਾਰ ਨੇ ‘ਵਣ ਮਹੋਤਸਵ’ ਤਹਿਤ ਸ਼ਹਿਰ ਭਰ ਵਿਚ ਹੋਣ ਵਾਲੇ ਰੁੱਖ ਲਗਾਉ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ, ਜਦਕਿ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਮੁੜ ਹਾਸਲ ਕੀਤੀ ਗਈ ਇਸ ਜ਼ਮੀਨ ਨੂੰ ‘ਸਵੱਛ ਹਰਿਤ ਪ੍ਰਾਂਗਣ’ ਵਜੋਂ ਵਿਕਸਤ ਕਰਕੇ ਚੰਡੀਗੜ੍ਹ ਦੀ ਇੱਕ ਨਵੀਂ ਵਾਤਾਵਰਨੀ ਪਛਾਣ ਬਣਾਇਆ ਜਾਵੇਗਾ।