ਕਾਹਨਪੁਰ ਖੂਹੀ, 10 ਜੁਲਾਈ (ਗੁਰਬੀਰ ਸਿੰਘ ਵਾਲੀਆ)-ਸਿਹਤ ਵਿਭਾਗ ਵਲੋਂ ਡੇਂਗੂ ਰੋਕਥਾਮ ਮੁਹਿੰਮ ਤਹਿਤ ਕਾਹਨਪੁਰ ਖੂਹੀ ਅਤੇ ਕਲਵਾ ਵਿਖੇ ‘ਡਰਾਈ ਡੇ’ ਮਨਾ ਕੇ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਕੌਰ, ਨੂਰਪੁਰ ਬੇਦੀ ਦੀ ਅਗਵਾਈ ਹੇਠ ਕਰਵਾਏ ਗਏ, ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਸਿਹਤ ਕਰਮਚਾਰੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਕਾਰਨਾਂ, ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਮਰੀਕ ਸਿੰਘ ਅਤੇ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਏਡੀਜ਼ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਘਰ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਮਲਿਆਂ, ਕੂਲਰਾਂ, ਫ਼ਰਿਜ ਦੀਆਂ ਟਰੇਆਂ, ਪਾਣੀ ਵਾਲੀਆਂ ਟੈਂਕੀਆਂ ਅਤੇ ਹੋਰ ਭਾਂਡਿਆਂ ਨੂੰ ਨਿਯਮਿਤ ਤੌਰ ‘ਤੇ ਸਾਫ਼ ਕਰਕੇ ਹਫ਼ਤੇ ਵਿਚ ਘੱਟੋ-ਘੱਟ ਇੱਕ ਵਾਰ ਖ਼ਾਲੀ ਕਰਕੇ ਸੁਕਾਇਆ ਜਾਵੇ ਅਤੇ ਪਾਣੀ ਵਾਲੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪੂਰੀ ਬਾਂਹਾਂ ਵਾਲੇ ਕੱਪੜੇ ਪਹਿਨਣ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਮੱਛਰਦਾਨੀਆਂ ਦੀ ਵਰਤੋਂ ਕਰਨ ਨਾਲ ਵੀ ਡੇਂਗੂ ਸਮੇਤ ਹੋਰ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾ. ਮੁਨੀਸ ਬਾਲੀ, ਅਮਰੀਕ ਸਿੰਘ ਭੱਠਲ, ਹੋਸ਼ਿਆਰ ਸਿੰਘ ਅਤੇ ਆਸ਼ਾ ਵਰਕਰ ਵੀ ਹਾਜ਼ਰ ਸਨ।