ਚੰਡੀਗੜ੍ਹ, 10 ਜੁਲਾਈ (ਮਾਰਕੰਡਾ)-ਸਰਕਾਰੀ ਸਿੱਖਿਆ ਕਾਲਜ ਸੈਕਟਰ 20-ਡੀ ਚੰਡੀਗੜ੍ਹ ਵਿਖੇ ਈਕੋ ਕਲੱਬ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੂਰਿਆ ਚੰਦਰ ਕਾਂਤ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਾਨੂੰਨੀ ਯਾਦਗਾਰ-ਕਮ-ਪ੍ਰੋਸੀਕਿਊਸ਼ਨ ਡਾਇਰੈਕਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਵਾਤਾਵਰਨ ਦੀ ਰੱਖਿਆ ਅਤੇ ਇਕ ਟਿਕਾਊ ਭਵਿੱਖ ਨੂੰ ਯਕੀਨੀ ਬਣਾਉਣ ਵਿਚ ਰੁੱਖ ਲਗਾਉਣ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਹ ਪੌਦੇ ਲਗਾਉਣ ਦੀ ਮੁਹਿੰਮ ਪ੍ਰਿੰਸੀਪਲ ਡਾ. ਸਪਨਾ ਨੰਦਾ ਦੀ ਅਗਵਾਈ ਹੇਠ ਕਰਵਾਈ ਗਈ। ਕਾਲਜ ਕੈਂਪਸ ਨੂੰ ਹਰਿਆਂ ਭਰਿਆਂ ਬਨਾਉਣ ਅਤੇ ਵਾਤਾਵਰਨ ਸੰਤੁਲਨ ਨੂੰ ਵਧਾਉਣ ਲਈ ਛਾਂਦਾਰ, ਫੁੱਲਦਾਰ ’ਤੇ ਫਲ ਦੇਣ ਵਾਲੇ 75 ਪੌਦੇ ਲਗਾਏ ਗਏ। ਇਸ ਪ੍ਰੋਗਰਾਮ ਵਿਚ ਬੀ.ਐੱਡ. ਦੇ ਵਿਦਿਆਰਥੀਆਂ, ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਸਮੇਤ ਕਾਲਜ ਦੇ ਹੋਰ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗੀਦਾਰੀ ਕੀਤੀ। ਇਸ ਸਮਾਗਮ ਦੀ ਸਮਾਪਤੀ ਭਾਗੀਦਾਰਾਂ ਨੇ ਵਾਤਾਵਰਨ ਦੀ ਰੱਖਿਆ ਕਰਨ ਅਤੇ ਨਵੇਂ ਲਗਾਏ ਗਏ ਪੌਦਿਆਂ ਦੀ ਸਹੀ ਦੇਖਭਾਲ ਸਬੰਧੀ ਸਹੁੰ ਚੁੱਕਣ ਨਾਲ ਹੋਈ।