ਚੰਡੀਗੜ੍ਹ/ਪੰਚਕੂਲਾ, 10 ਜੁਲਾਈ (ਰਾਮ ਸਿੰਘ ਬਰਾੜ, ਕਪਿਲ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ 2047 ਦਾ ਵਿਕਸਿਤ ਭਾਰਤ ਖੇਤਾਂ ਵਿੱਚੋਂ ਹੀ ਆਕਾਰ ਲਵੇਗਾ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਿਰਫ਼ ਉਤਪਾਦਕ ਨਹੀਂ, ਸਗੋਂ ਮੁੱਲ ਸਿਰਜਣਹਾਰ ਤੇ ਨਿਰਯਾਤਕ ਬਣੀਏ। ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ ਦੇ ਅੰਬ ਲੰਡਨ, ਨਿਊਯਾਰਕ, ਦੁਬਈ ਅਤੇ ਟੋਕੀਓ ਦੇ ਸੁਪਰਮਾਰਕੀਟਾਂ ਤੱਕ ਪਹੁੰਚਣਗੇ, ਉਦੋਂ ਹੀ ਕਿਸਾਨਾਂ ਦੀ ਆਮਦਨ ਵਿੱਚ ਅਸਲ ਵਾਧਾ ਹੋਵੇਗਾ ਅਤੇ ਭਾਰਤ ਦੀ ਪਛਾਣ ਵਿਸ਼ਵ ਪੱਧਰ ‘ਤੇ ਨਵੀਆਂ ਉਚਾਈਆਂ ਨੂੰ ਛੂਹੇਗੀ। ਮੁੱਖ ਮੰਤਰੀ ਸ਼ੁੱਕਰਵਾਰ ਨੂੰ ਇਤਿਹਾਸਕ ਯਾਦਵਿੰਦਰਾ ਗਾਰਡਨ, ਪਿੰਜੌਰ ਵਿਚ ਤਿੰਨ ਰੋਜ਼ਾ 33ਵੇਂ ਮੈਂਗੋ ਮੇਲੇ ਦੇ ਉਦਘਾਟਨ ਮੌਕੇ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਰਾਜਾਂ ਤੋਂ ਆਏ ਅਗਾਂਹਵਧੂ ਕਿਸਾਨਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਵਿਚ ਡੂੰਘੀ ਦਿਲਚਸਪੀ ਦਿਖਾਈ। ਇਸ ਮੌਕੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਹਰਿਆਣਾ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਅਗਾਂਹਵਧੂ ਕਿਸਾਨਾਂ, ਬਾਗਬਾਨਾਂ, ਉੱਦਮੀਆਂ ਅਤੇ ਸੈਲਾਨੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਮੈਂਗੋ ਮੇਲੇ ਵਿੱਚ ਅੰਬਾਂ ਦੀਆਂ 200 ਤੋਂ ਵੱਧ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ, ਜੋ ਸਾਡੇ ਕਿਸਾਨਾਂ ਦੇ ਤਜ਼ਰਬੇ, ਕਾਢ ਅਤੇ ਮਿਹਨਤ ਦਾ ਨਤੀਜਾ ਹਨ। ਉਨ੍ਹਾਂ ਨੇ ਹਰਿਆਣਾ ਸੈਰ-ਸਪਾਟਾ ਨਿਗਮ ਅਤੇ ਬਾਗਬਾਨੀ ਵਿਭਾਗ ਨੂੰ ਇਸ ਸ਼ਾਨਦਾਰ ਆਯੋਜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਮੇਲਾ ਕਿਸਾਨ ਦੀ ਮਿਹਨਤ ਦਾ ਸਨਮਾਨ ਹੈ ਅਤੇ ਹਰਿਆਣਾ ਦੀ ਖੇਤੀਬਾੜੀ ਸ਼ਕਤੀ ਦਾ ਉਤਸਵ ਹੈ। ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਅੰਬ ਫਲਾਂ ਦਾ ਰਾਜਾ ਹੋਣ ਦੇ ਨਾਲ-ਨਾਲ ਸਾਡੀ ਸੱਭਿਆਚਾਰਕ ਵਿਰਾਸਤ ਦਾ ਵੀ ਮਹੱਤਵਪੂਰਨ ਹਿੱਸਾ ਹੈ। ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮੈਂਗੋ ਮੇਲਾ ਨਾ ਕੇਵਲ ਕਿਸਾਨਾਂ ਅਤੇ ਅੰਬ ਉਤਪਾਦਕਾਂ ਨੂੰ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਦੇ ਪ੍ਰਦਰਸ਼ਨ ਦਾ ਮੌਕਾ ਪ੍ਰਦਾਨ ਕਰਦਾ ਹੈ, ਬਲਕਿ ਉਨ੍ਹਾਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਲਈ ਇੱਕ ਢੁਕਵਾਂ ਪਲੇਟਫਾਰਮ ਵੀ ਉਪਲਬਧ ਕਰਵਾਉਂਦਾ ਹੈ। ਇਸ ਮੌਕੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਪੰਚਕੂਲਾ ਦੇ ਮੇਅਰ ਸ੍ਰੀ ਸ਼ਿਆਮਲਾਲ ਬੰਸਲ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਪਾਰਥ ਗੁਪਤਾ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।