ਚੰਡੀਗੜ੍ਹ, 12 ਜੁਲਾਈ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਨਿਰਮਿਤ ਅਤਿ-ਆਧੁਨਿਕ ‘ਟਾਵਰ ਆਫ਼ ਜਸਟਿਸ’ ਨਿਆਂਇਕ ਕੰਪਲੈਕਸ ਸੰਵਿਧਾਨ ਦੀ ਮਰਿਆਦਾ, ਨਿਆਂਪਾਲਿਕਾ ਦੀ ਗਰਿਮਾ ਤੇ ਨਾਗਰਿਕਾਂ ਦੇ ਨਿਆਂ ‘ਤੇ ਅਟੁੱਟ ਵਿਸ਼ਵਾਸ ਦਾ ਸਸ਼ਕਤ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਲਈ ਆਰਥਿਕ ਪ੍ਰਗਤੀ ਦੇ ਨਾਲ-ਨਾਲ ਤੁਰੰਤ, ਸੁਲਭ ਅਤੇ ਪਾਰਦਰਸ਼ੀ ਨਿਆਂ ਪ੍ਰਣਾਲੀ ਵੀ ਓਨੀ ਹੀ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਅੱਜ ਗਿਆਨ, ਤਕਨਾਲੋਜੀ, ਨਵੀਨਤਾ, ਸਟਾਰਟਅੱਪ ਤੇ ਵਿਸ਼ਵਵਿਆਪੀ ਨਿਵੇਸ਼ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ। ਅਜਿਹੇ ਸ਼ਹਿਰ ਵਿਚ ਆਧੁਨਿਕ ਨਿਆਂਇਕ ਕੰਪਲੈਕਸ ਦੀ ਸਥਾਪਨਾ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਤੇ ਪ੍ਰਭਾਵਸ਼ਾਲੀ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਲ 2017 ਵਿਚ ਜਿਸ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਸਦਾ ਉਦਘਾਟਨ ਅੱਜ ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆਕਾਂਤ ਦੇ ਕਰ ਕਮਲਾਂ ਨਾਲ ਹੋਣਾ ਇੱਕ ਪ੍ਰੇਰਨਾਦਾਇਕ ਅਤੇ ਇਤਿਹਾਸਕ ਸੰਜੋਗ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ‘ਈਜ਼ ਆਫ਼ ਡੂਇੰਗ ਬਿਜ਼ਨਸ’ ਦੇ ਨਾਲ-ਨਾਲ ‘ਈਜ਼ ਆਫ਼ ਜਸਟਿਸ’ ਨੂੰ ਵੀ ਬਰਾਬਰ ਮਹੱਤਵ ਦੇਣਾ ਹੋਵੇਗਾ। ਕੇਂਦਰੀ ਵਿਧੀ ਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਿਰਫ਼ ਇੱਕ ਨਵੀਂ ਅਦਾਲਤੀ ਇਮਾਰਤ ਦੇ ਉਦਘਾਟਨ ਦਾ ਮੌਕਾ ਨਹੀਂ, ਸਗੋਂ ਨਿਆਂ ਪ੍ਰਣਾਲੀ ਨੂੰ ਹੋਰ ਸੁਲਭ, ਪ੍ਰਭਾਵਸ਼ਾਲੀ ਅਤੇ ਨਾਗਰਿਕ ਕੇਂਦਰਿਤ ਬਣਾਉਣ ਦੀ ਸਮੂਹਿਕ ਵਚਨਬੱਧਤਾ ਦਾ ਮਹੱਤਵਪੂਰਨ ਪੜਾਅ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਕੰਪਲੈਕਸ ਵਿਕਸਿਤ, ਸਮਾਵੇਸ਼ੀ ਤੇ ਨਿਆਂਪੂਰਨ ਭਾਰਤ ਦੇ ਸੰਕਲਪ ਦਾ ਸਸ਼ਕਤ ਪ੍ਰਤੀਕ ਬਣੇਗਾ।
‘ਈਜ਼ ਆਫ਼ ਜਸਟਿਸ’ ਦੀ ਭਾਈਵਾਲੀ ਨਾਲ ਬਣੇਗਾ ਵਿਕਸਿਤ ਰਾਸ਼ਟਰ 2047- ਮੁੱਖ ਮੰਤਰੀ
ਅਜੀਤ ਡੈਸਕ
13-07-2026