ਕੁਰਾਲੀ, 12 ਜੁਲਾਈ (ਬਿੱਲਾ ਅਕਾਲਗੜ੍ਹੀਆ)-ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵਲੋਂ ਮੈਨੇਜਿੰਗ ਟਰੱਸਟੀ ਹਰਪਾਲ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਕੁਰਾਲੀ ਵਿਖੇ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਨਵੋਦਿਆ ਸਕੂਲਾਂ ਦੀ ਦਾਖ਼ਲਾ ਪ੍ਰੀਖਿਆ ਲਈ ਚਲਾਏ ਜਾ ਰਹੇ ਮੁਫ਼ਤ ਕੋਚਿੰਗ ਸੈਂਟਰਾਂ ਨਾਲ ਜੁੜੇ ਅਧਿਆਪਕਾਂ ਨੂੰ ਮਾਣ-ਭੱਤੇ ਦੇ ਚੈੱਕ ਭੇਟ ਕਰਨਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਸਨਮਾਨ ਕਰਨਾ ਸੀ। ਇਸ ਸਮਾਗਮ ’ਚ ਫਾਊਂਡੇਸ਼ਨ ਦੇ ਪ੍ਰਾਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕੋਆਰਡੀਨੇਟਰ ਸੰਦੀਪ ਸਿੰਘ ਤੇ ਰੇਸ਼ਮ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਕੂਲ ਦੀ ਅਧਿਆਪਕਾ ਸਿਮਰਨਜੀਤ ਕੌਰ ਅਕਾਲਗੜ੍ਹ ਨੂੰ ਮਾਣ-ਭੱਤੇ ਦਾ ਚੈੱਕ, ਸਰਟੀਫਿਕੇਟ, ਮੋਮੈਂਟੋ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਨਵੋਦਿਆ ਸਕੂਲਾਂ ਲਈ ਚੁਣੇ ਗਏ 7 ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਅਤੇ ਪੁਸਤਕਾਂ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸਕੂਲ ਦੀ ਸੈਂਟਰ ਹੈੱਡ ਟੀਚਰ ਰੁਬਲੀਨ ਕੌਰ ਅਤੇ ਹੈੱਡ ਟੀਚਰ ਰਵਿੰਦਰ ਸਿੰਘ ਨੂੰ ਵੀ ਮੋਮੈਂਟੋ ਅਤੇ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਅਧਿਆਪਕਾ ਰਜਨ ਪਟਿਆਲ, ਅਮ੍ਰਿਤਾ ਸਿਡਾਨਾ, ਸ਼ਿਵਾਨ ਭਟੇਜਾ, ਮਨਪ੍ਰੀਤ ਕੌਰ, ਸੁਖਦੀਪ ਕੌਰ ਅਤੇ ਸ਼ਿਵਾਨੀ ਨੂੰ ਵੀ ਪ੍ਰਿੰ. ਗੋਸਲ ਦੀਆਂ ਰਚਿਤ ਪੁਸਤਕਾਂ ਭੇਟ ਕੀਤੀਆਂ ਗਈਆਂ। ਇਸ ਸਮਾਗਮ ’ਚ ਵੱਡੀ ਗਿਣਤੀ ’ਚ ਵਿਦਿਆਰਥੀ, ਮਾਪੇ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਪੱਤਰਕਾਰ ਬਿੱਲਾ ਅਕਾਲਗੜ੍ਹੀਆ, ਆਨੰਦ ਕੁਮਾਰ, ਮਾਵੀ ਕੁਮਾਰ, ਪਰਮਜੀਤ ਕੌਰ ਅਤੇ ਗੁਰਸੀਰਤ ਕੌਰ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਨੂੰ ਮੁਫ਼ਤ ਪੁਸਤਕਾਂ ਵੀ ਵੰਡੀਆਂ ਗਈਆਂ।