ਲਾਲੜੂ, 12 ਜੁਲਾਈ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਰਾਸਟਰੀ ਕੌਮੀ ਮਾਰਗ ’ਤੇ ਸਥਿਤ ਪਿੰਡ ਸਰਸੀਣੀ ਨੇੜੇ ਉਦੋਂ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ, ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ ਦੌਰਾਨ ਇਕ ਕਾਰ ਬੇਕਾਬੂ ਹੋ ਕੇ ਪੁਲ ਹੇਠਾਂ ਜਾ ਡਿੱਗੀ। ਗਨੀਮਤ ਰਹੀ ਕਿ ਇਸ ਹਾਦਸੇ ’ਚ ਕਾਰ ਚਾਲਕ ਵਾਲ-ਵਾਲ ਬਚ ਗਿਆ, ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਿੰਦਰ ਕੁਮਾਰ ਵਾਸੀ ਪੰਚਕੂਲਾ ਆਪਣੀ ਕਾਰ ਰਾਹੀਂ ਸਵੇਰੇ ਅੰਬਾਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਪਿੰਡ ਸਰਸੀਣੀ ਤੋਂ ਕੁਝ ਦੂਰੀ ਅੱਗੇ ਪਹੁੰਚਿਆ ਤਾਂ ਕਾਰ ਦੇ ਸਾਹਮਣੇ ਇਕ ਮੋਟਰਸਾਈਕਲ ਸਵਾਰ ਆ ਗਿਆ, ਜਿਸ ਨੂੰ ਬਚਾਉਣ ਲਈ ਜਿਵੇਂ ਹੀ ਕਾਰ ਚਾਲਕ ਨੇ ਅਚਾਨਕ ਬ੍ਰੇਕ ਲਗਾਈ ਤਾਂ ਪਿੱਛੇ ਤੋਂ ਆ ਰਹੀ ਇਕ ਹੋਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਜੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਖਾਈ ਵਿਚ ਜਾ ਡਿੱਗੀ। ਇਸ ਘਟਨਾ ਨੂੰ ਦੇਖ ਕੇ ਆਸ-ਪਾਸ ਮੌਜੂਦ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਚਾਲਕ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਿਸ ਅਨੁਸਾਰ ਦੋਵੇਂ ਕਾਰ ਚਾਲਕਾਂ ਵਿਚਕਾਰ ਆਪਸੀ ਸਮਝੌਤਾ ਹੋ ਗਿਆ ਹੈ।