ਪੋਸ਼ਣ ਟਰੈਕਰ ਦੇ ਅੰਕੜਿਆਂ ਅਨੁਸਾਰ ਚੰਡੀਗੜ੍ਹ ’ਚ ਬਾਲ ਪੋਸ਼ਣ ਸੂਚਕਾਂ ’ਚ ਲਗਾਤਾਰ ਸੁਧਾਰ
ਅਜੀਤ ਡੈਸਕ
14-07-2026
ਅਧਿਕਾਰੀਆਂ ਅਨੁਸਾਰ ਪੋਸ਼ਣ ਟਰੈਕਰ ਨਾਲ ਜੁੜੇ ਬੱਚਿਆਂ ਨੂੰ ਮਿਸ਼ਨ ਸਮਰੱਥ ਆਂਗਣਵਾੜੀ ਅਤੇ ਪੋਸ਼ਣ 2.0 ਤਹਿਤ ਨਿਯਮਿਤ ਵਿਕਾਸ ਨਿਗਰਾਨੀ, ਪੂਰਕ ਪੋਸ਼ਣ, ਪੋਸ਼ਣ ਤੇ ਸਿਹਤ ਸਬੰਧੀ ਸਲਾਹ, ਸਮੇਂ ਸਿਰ ਸਿਹਤ ਸੰਸਥਾਵਾਂ ਨੂੰ ਰੈਫਰਲ ਅਤੇ ਫਾਲੋਅਪ ਵਰਗੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਐੱਨ. ਐੱਫ਼. ਐੱਚ. ਐੱਸ.-6 ਵਿਚ ਚੰਡੀਗੜ੍ਹ ’ਚ ਵੇਸਟਿੰਗ ਦੀ ਦਰ 22.8 ਫ਼ੀਸਦੀ ਦਰਜ਼ ਕੀਤੀ ਗਈ ਹੈ, ਜਦਕਿ ਪੋਸ਼ਣ ਟਰੈਕਰ ਵਿਚ ਇਹ ਦਰ ਚੰਡੀਗੜ੍ਹ ਲਈ 0.93 ਫ਼ੀਸਦੀ ਹੈ। ਇਸੇ ਤਰ੍ਹਾਂ ਸਟੰਟਿੰਗ ਦੀ ਦਰ ਐੱਨ. ਐੱਫ਼. ਐੱਚ. ਐੱਸ.-6 ਵਿਚ 19 ਫ਼ੀਸਦੀ ਦੇ ਮੁਕਾਬਲੇ ਪੋਸ਼ਣ ਟਰੈਕਰ ’ਚ 10.28 ਫ਼ੀਸਦੀ ਦਰਜ਼ ਕੀਤੀ ਗਈ ਹੈ। ਘੱਟ ਵਜ਼ਨ ਵਾਲੇ ਬੱਚਿਆਂ ਦੀ ਦਰ ਐੱਨ.ਐੱਫ਼.ਐੱਚ.ਐੱਸ.-6 ਵਿਚ 31.6 ਫ਼ੀਸਦੀ ਹੈ, ਜਦਕਿ ਪੋਸ਼ਣ ਟਰੈਕਰ ਅਨੁਸਾਰ ਇਹ 4.81 ਫ਼ੀਸਦੀ ਹੈ। ਵਿਭਾਗ ਨੇ ਵਿਸ਼ਵਾਸ ਜਤਾਇਆ ਕਿ ਦੋਵੇਂ ਪ੍ਰਣਾਲੀਆਂ ਮਿਲ ਕੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਪੋਸ਼ਣ ਸਥਿਤੀ ਵਿਚ ਹੋਰ ਸੁਧਾਰ ਲਿਆਉਣ ਲਈ ਸਰਕਾਰ ਦੇ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ।