ਚੰਡੀਗੜ੍ਹ, 15 ਜੁਲਾਈ (ਕਪਿਲ ਵਧਵਾ)– ਚੰਡੀਗੜ੍ਹ ਵਿਚ ਬੀ.ਐੱਨ.ਐੱਸ. ਦੀ ਧਾਰਾ 163 ਤਹਿਤ ਜਾਰੀ ਮਨਾਹੀ ਦੇ ਹੁਕਮ ਲਾਗੂ ਹੋਣ ਦੇ ਬਾਵਜੂਦ ਬਿਨਾਂ ਮਨਜ਼ੂਰੀ ਧਰਨਾ-ਪ੍ਰਦਰਸ਼ਨ ਕਰਨ ਦੇ ਮਾਮਲੇ ਵਿਚ ਕੈਬ ਅਤੇ ਟੈਕਸੀ ਚਾਲਕ ਯੂਨੀਅਨ ਦੇ 11 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਸਾਰੇ ਮੁਲਜ਼ਮਾਂ ਨੂੰ ਦੇਰ ਰਾਤ ਥਾਣੇ ਤੋਂ ਹੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਅਨੁਸਾਰ ਥਾਣਾ ਸੈਕਟਰ-17 ਵਿਚ ਏ.ਐਸ.ਆਈ ਰਾਮਬੀਰ ਸਿੰਘ ਦੀ ਸ਼ਿਕਾਇਤ ‘ਤੇ ਭਾਰਤੀ ਨਿਆਇ ਸੰਹਿਤਾ ਦੀ ਧਾਰਾ 223 ਤਹਿਤ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਕੇਸ ਵਿਚ ਅਮਨਦੀਪ ਸਿੰਘ ਵਾਸੀ ਸਿਮਰਨ ਅਪਾਰਟਮੈਂਟ, ਬਲਟਾਣਾ (ਜ਼ੀਰਕਪੁਰ), ਹਰਵਿੰਦਰ ਸਿੰਘ ਵਾਸੀ ਸਾਰੰਗਪੁਰ, ਲਵਪ੍ਰੀਤ ਸਿੰਘ ਅਤੇ ਹੋਰ ਟੈਕਸੀ ਚਾਲਕ ਯੂਨੀਅਨ ਦੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸ਼ਿਕਾਇਤ ਮੁਤਾਬਕ ਮੁਲਜ਼ਮ ਮੰਗਲਵਾਰ ਨੂੰ ਸੈਕਟਰ-22/23/16/17 ਚੌਂਕ ਅਤੇ ਸੈਕਟਰ-17 ਪਲਾਜ਼ਾ ਵਿਖੇ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਇਕੱਠੇ ਹੋਏ ਅਤੇ ਬੈਨਰਾਂ ਨਾਲ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਦਿੱਤਾ। ਇਸ ਕਾਰਨ ਆਮ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਦੀ ਆਵਾਜਾਈ ਵਿਚ ਰੁਕਾਵਟ ਪੈਦਾ ਹੋਈ। ਪੁਲਿਸ ਨੇ ਦੱਸਿਆ ਕਿ ਉਸ ਸਮੇਂ ਚੰਡੀਗੜ੍ਹ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐਸਐਸ) ਦੀ ਧਾਰਾ 163 ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮਨਾਹੀ ਦੇ ਹੁਕਮ ਲਾਗੂ ਸਨ, ਜਿਸ ਕਾਰਨ ਬਿਨਾਂ ਮਨਜ਼ੂਰੀ ਇਸ ਤਰ੍ਹਾਂ ਦਾ ਇਕੱਠ ਜਾਂ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਸੀ। ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਵਾਰ-ਵਾਰ ਧਰਨਾ ਖ਼ਤਮ ਕਰਨ ਅਤੇ ਮੌਕੇ ਤੋਂ ਹਟਣ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਕੁੱਲ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਸਾਰਿਆਂ ਨੂੰ ਦੇਰ ਰਾਤ ਥਾਣੇ ਤੋਂ ਹੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।