ਐੱਸ. ਏ. ਐੱਸ. ਨਗਰ, 21 ਜੁਲਾਈ (ਕਪਿਲ ਵਧਵਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਵਿਸ਼ੇਸ਼ ਜੱਜ (ਪੋਕਸੋ) ਅਦਾਲਤ ਨੇ ਚਾਰ ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਦੋਸ਼ੀ ਅਖਤਰ ਹੁਸੈਨ ਉਰਫ਼ ਅਖਤਰ ਉਰਫ਼ ਲਾਲੂ ਮੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਪੋਕਸੋ ਐਕਟ ਦੀ ਧਾਰਾ 4 ਤਹਿਤ 10 ਸਾਲਾਂ ਦੀ ਸਖ਼ਤ ਕੈਦ ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 137 (2) ਤਹਿਤ 4 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 50 ਹਜ਼ਾਰ ਰੁ. ਜੁਰਮਾਨਾ ਵੀ ਲਗਾਇਆ ਹੈ। ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ 8 ਨਵੰਬਰ 2025 ਨੂੰ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਦਰਜ ਕੀਤਾ ਗਿਆ ਸੀ। ਸਾਬਕਾ ਸਰਪੰਚ ਰਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੇ ਟਿਊਬਵੈੱਲ ‘ਤੇ ਕੰਮ ਕਰਨ ਵਾਲਾ ਪ੍ਰਵਾਸੀ ਮਜ਼ਦੂਰ ਵਿਨੋਦ ਕੁਮਾਰ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। ਉਸ ਦਿਨ ਵਿਨੋਦ ਕੁਮਾਰ ਦੀ ਚਾਰ ਸਾਲਾ ਧੀ ਅਚਾਨਕ ਲਾਪਤਾ ਹੋ ਗਈ ਸੀ। ਪਰਿਵਾਰ ਵਲੋੀ ਉਸ ਦੀ ਭਾਲ ਕਰਨ ‘ਤੇ ਟਿਊਬਵੈੱਲ ਨੇੜੇ ਖੜ੍ਹੀਆਂ ਝਾੜੀਆਂ ਵਿਚੋਂ ਬੱਚੀ ਦੇ ਰੋਣ ਦੀ ਆਵਾਜ਼ ਆਈ। ਇਸ ਤੋਂ ਬਾਅਦ ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਇਕ ਨੌਜਵਾਨ ਨੇ ਬੱਚੀ ਦੇ ਕੱਪੜੇ ਉਤਾਰੇ ਹੋਏ ਸਨ ਅਤੇ ਉਹ ਉਸ ਨਾਲ ਜਿਨਸੀ ਸੋਸ਼ਣ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਰਜਿੰਦਰ ਸਿੰਘ ਅਤੇ ਵਿਨੋਦ ਕੁਮਾਰ ਨੇ ਮੌਕੇ ‘ਤੇ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ, ਜਦਕਿ ਬੱਚੀ ਨੂੰ ਉਸ ਦੀ ਮਾਂ ਨੇ ਸੁਰੱਖਿਅਤ ਆਪਣੇ ਕਬਜ਼ੇ ‘ਚ ਲੈ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੀ ਪਛਾਣ ਅਖਤਰ ਹੁਸੈਨ ਉਰਫ਼ ਲਾਲੂ ਮੀਆਂ ਵਾਸੀ ਜ਼ਿਲ੍ਹਾ ਬੇਤੀਆ (ਬਿਹਾਰ) ਵਜੋਂ ਦੱਸੀ। ਉਸ ਨੇ ਇਹ ਵੀ ਦੱਸਿਆ ਕਿ ਉਹ ਉਸੇ ਦਿਨ ਮਜ਼ਦੂਰੀ ਲਈ ਇਲਾਕੇ ਵਿਚ ਆਇਆ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 137 (2), 64 (1), 62 ਅਤੇ ਪੋਕਸੋ ਐਕਟ ਦੀਆਂ ਧਾਰਾਵਾਂ 6, 8 ਅਤੇ 18 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਾਰੇ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟਾਂ ਦੇ ਆਧਾਰ ‘ਤੇ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਪੋਕਸੋ ਐਕਟ ਦੀ ਧਾਰਾ 4 ਤਹਿਤ 10 ਸਾਲਾਂ ਦੀ ਸਖ਼ਤ ਕੈਦ ਅਤੇ ਬੀ. ਐੱਨ. ਐੱਸ. ਦੀ ਧਾਰਾ 137 (2) ਤਹਿਤ 4 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਅਦਾਲਤ ਨੇ ਦੋਸ਼ੀ ਨੂੰ 50 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ।