ਐੱਸ. ਏ. ਐੱਸ. ਨਗਰ, 21 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਅੜੀਅਲ ਰਵੱਈਏ ਦੇ ਵਿਰੋਧ ’ਚ 21 ਅਤੇ 22 ਜੁਲਾਈ 2 ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਟੀ. ਐੱਸ. ਯੂ., ਐੱਮ. ਐੱਸ. ਯੂ. ਅਤੇ ਪੈਨਸ਼ਨਰ ਐਸੋਸੀਏਸ਼ਨ ਮੁਹਾਲੀ ਦੇ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੁਰਮੁੱਖ ਸਿੰਘ, ਬਲਵਿੰਦਰ ਸਿੰਘ, ਯੋਗਰਾਜ ਸਿੰਘ, ਗੁਰਿੰਦਰ ਸਿੰਘ, ਧਰਮਪਾਲ ਗੁਪਤਾ, ਸੁਖਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਸਵਰਨਜੀਤ ਸਿੰਘ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਤੋਂ ਮਹਿੰਗਾਈ ਭੱਤਾ ਦੀਆਂ 18 ਫ਼ੀਸਦੀ ਬਕਾਇਆ ਕਿਸ਼ਤਾਂ ਜਾਰੀ ਕਰਨ, 17 ਜੁਲਾਈ 2020 ਦਾ ਪੱਤਰ ਰੱਦ ਕਰਕੇ ਬਿਜਲੀ ਨਿਗਮ ਦੇ ਸਕੇਲ ਦੇਣ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਤੇ ਬੋਰਡ ਮੈਨੇਜਮੈਂਟ ਨੇ ਮੰਗਾਂ ਨਾ ਮੰਨੀਆਂ ਤਾਂ ਇਹ ਸਮੂਹਿਕ ਛੁੱਟੀ ਦੀ ਮਿਆਦ ਵੱਧ ਵੀ ਸਕਦੀ ਹੈ।