ਪੰਚਕੂਲਾ, 22 ਜੁਲਾਈ (ਕਪਿਲ)-ਪੰਚਕੂਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਚੰਡੀਗੜ੍ਹ ਤੋਂ ਸ਼ਰਾਬ ਦੀ ਖੇਪ ਲੈ ਕੇ ਆ ਰਹੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 112 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਅਤੇ ਇਕ ਮਾਰੂਤੀ ਸਿਆਜ਼ ਕਾਰ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਪੰਕਜ ਨੈਨ ਦੀ ਅਗਵਾਈ ਹੇਠ ਸਰਗਰਮ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-9 ਪੰਚਕੂਲਾ ਦਾ ਰਹਿਣ ਵਾਲਾ ਇਕ ਵਿਅਕਤੀ ਚੰਡੀਗੜ੍ਹ ਤੋਂ ਨਾਜਾਇਜ਼ ਸ਼ਰਾਬ ਦੀ ਖੇਪ ਲੈ ਕੇ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਸ਼ਾਲੀਮਾਰ ਮਾਲ ਨੇੜੇ ਨਾਕਾਬੰਦੀ ਕਰਕੇ ਇਕ ਸ਼ੱਕੀ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਕਾਰ ਦੀ ਪਿਛਲੀ ਸੀਟ ਅਤੇ ਡਿੱਗੀ ‘ਚੋਂ ਚੰਡੀਗੜ੍ਹ ‘ਚ ਵਿਕਣਯੋਗ ਸ਼ਰਾਬ ਦੀਆਂ 112 ਬੋਤਲਾਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਨਰੇਸ਼ ਕੁਮਾਰ (60) ਵਾਸੀ ਸੈਕਟਰ-9 ਪੰਚਕੂਲਾ ਵਜੋਂ ਹੋਈ ਹੈ। ਡੀ. ਸੀ. ਪੀ. ਕ੍ਰਾਈਮ ਐਂਡ ਟ੍ਰੈਫ਼ਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਪੁਲਿਸ ਨੇ ਥਾਣਾ ਸੈਕਟਰ-5 ਪੰਚਕੂਲਾ ਵਿਖੇ ਹਰਿਆਣਾ ਆਬਕਾਰੀ (ਸੋਧ) ਐਕਟ ਦੀ ਧਾਰਾ 61 (1) (ਏ) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।