ਡੇਰਾਬੱਸੀ, 22 ਜੁਲਾਈ (ਗੁਰਮੀਤ ਸਿੰਘ)-ਅੰਬਾਲਾ-ਚੰਡੀਗੜ੍ਹ ਰੇਲਵੇ ਲਾਈਨ ‘ਤੇ ਡੇਰਾਬੱਸੀ ਸਥਿਤ ਰੇਲਵੇ ਫਾਟਕ ਨੂੰ ਮੁਰੰਮਤ ਦੇ ਨਾਂਅ ‘ਤੇ ਚਾਰ ਦਿਨਾਂ ਲਈ ਬੰਦ ਰੱਖਣ ਤੋਂ ਬਾਅਦ ਬੀਤੀ ਰਾਤ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ, ਪਰ ਫਾਟਕ ਖੁੱਲ੍ਹਣ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਬਜਾਏ ਮੁਸੀਬਤਾਂ ਹੋਰ ਵਧ ਗਈਆਂ। ਚਾਰ ਦਿਨਾਂ ਤੱਕ ਫਾਟਕ ਬੰਦ ਰਹਿਣ ਕਾਰਨ ਰੋਜ਼ਾਨਾ ਵੱਡੀ ਗਿਣਤੀ ਰਾਹਗੀਰਾਂ, ਵਿਦਿਆਰਥੀਆਂ, ਨੌਕਰੀ-ਪੇਸ਼ਾ ਲੋਕਾਂ ਅਤੇ ਵਪਾਰੀਆਂ ਨੂੰ ਲੰਮਾ ਪੈਂਡਾ ਤੈਅ ਕਰਕੇ ਆਪਣੀ ਮੰਜ਼ਿਲ ਤੱਕ ਪੁੱਜਣਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੋਵਾਂ ਦਾ ਨੁਕਸਾਨ ਹੋਇਆ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਰੇਲਵੇ ਵਿਭਾਗ ਨੇ ਮੁਰੰਮਤ ਦਾ ਕੰਮ ਬਿਨਾਂ ਯੋਜਨਾ ਤੇ ਗੁਣਵੱਤਾ ਦੇ ਕੀਤਾ ਹੈ। ਫਾਟਕ ਦੇ ਕਰਾਸਿੰਗ ਵਾਲੇ ਹਿੱਸੇ ਨੂੰ ਪੱਧਰ ਨਹੀਂ ਕੀਤਾ ਗਿਆ, ਜਿਸ ਕਾਰਨ ਉਥੋਂ ਵਾਹਨ ਗੁਜਰਨ ਸਮੇਂ ਝਟਕੇ ਲੱਗ ਰਹੇ ਹਨ। ਇਸ ਤੋਂ ਇਲਾਵਾ ਹੇਠ ਖਿੱਲਰੇ ਪੱਥਰ ਤੇ ਗਟਕਾ ਵਾਹਨ ਚਾਲਕਾਂ ਖ਼ਾਸ ਕਰਕੇ ਦੋ-ਪਹੀਆ ਸਵਾਰਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਸਗੋਂ ਇਸ ਤੋਂ ਪਹਿਲਾਂ ਵੀ ਫਾਟਕ ਨੂੰ ਕਈ ਵਾਰ ਕਈ-ਕਈ ਦਿਨਾਂ ਲਈ ਬੰਦ ਕਰਕੇ ਮੁਰੰਮਤ ਕੀਤੀ ਜਾ ਚੁੱਕੀ ਹੈ, ਪਰ ਹਰ ਵਾਰ ਕੰਮ ਅਧੂਰਾ ਅਤੇ ਘਟੀਆ ਰਹਿਣ ਕਾਰਨ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਸਥਾਨਕ ਵਸਨੀਕਾਂ ਨੇ ਕਿਹਾ ਕਿ ਇਕ ਫਾਟਕ ਦੇ ਬੰਦ ਹੋਣ ਨਾਲ ਦਰਜਨਾਂ ਪਿੰਡਾਂ ਦੇ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਸਕੂਲਾਂ-ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਰੇਲਵੇ ਵਿਭਾਗ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹਰ ਵਾਰ ਫਾਟਕ ਬੰਦ ਕਰਨ ਤੋਂ ਪਹਿਲਾਂ ਆਵਾਜਾਈ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਜਾਂਦਾ, ਸਗੋਂ ਸਿਰਫ਼ ਇਕ ਨੋਟਿਸ ਜਾਰੀ ਕਰਕੇ ਫਾਟਕ ਬੰਦ ਕਰ ਦਿੱਤਾ ਜਾਂਦਾ ਹੈ। ਲੋਕਾਂ ਨੇ ਮੰਗ ਕੀਤੀ ਕਿ ਰੇਲਵੇ ਵਿਭਾਗ ਫਾਟਕ ਦੀ ਦੁਬਾਰਾ ਉੱਚ ਗੁਣਵੱਤਾ ਨਾਲ ਮੁਰੰਮਤ ਕਰਵਾਏ, ਕਰਾਸਿੰਗ ਨੂੰ ਪੂਰੀ ਤਰ੍ਹਾਂ ਪੱਧਰ ਕਰੇ ਅਤੇ ਖਿੱਲਰੇ ਪੱਥਰ ਤੁਰੰਤ ਹਟਾਏ ਜਾਣ ਤਾਂ ਜੋ ਆਵਾਜਾਈ ਸੁਚਾਰੂ ਅਤੇ ਸੁਰੱਖਿਅਤ ਬਣ ਸਕੇ। ਇਸ ਦੇ ਨਾਲ ਹੀ ਭਵਿੱਖ ‘ਚ ਅਜਿਹੇ ਕੰਮਾਂ ਦੌਰਾਨ ਲੋਕਾਂ ਦੀ ਸਹੂਲਤ ਲਈ ਪ੍ਰਭਾਵਸ਼ਾਲੀ ਪ੍ਰਬੰਧ ਵੀ ਯਕੀਨੀ ਬਣਾਏ ਜਾਣ।