ਚੰਡੀਗੜ੍ਹ, 23 ਜੁਲਾਈ (ਕਪਿਲ ਵਧਵਾ)–ਸੈਕਟਰ-34 ਥਾਣਾ ਪੁਲਿਸ ਨੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਸਟੇਸ਼ਨਾਂ ਤੋਂ ਚਾਰਜਿੰਗ ਗੰਨ ਚੋਰੀ ਕਰਨ ਦੇ ਮਾਮਲੇ ਵਿਚ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੀਆਂ ਤਾਂਬੇ ਦੀਆਂ ਤਾਰਾਂ, ਚਾਰਜਿੰਗ ਗਨ ਦੇ ਕੱਟੇ ਹੋਏ ਹਿੱਸੇ, ਲੋਹੇ ਦਾ ਬਲੇਡ ਅਤੇ ਵਾਰਦਾਤ ਵਿਚ ਵਰਤੀ ਸਕੂਟੀ ਵੀ ਬਰਾਮਦ ਕਰ ਲਈ ਹੈ।ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੈਕਟਰ-25 ਡੀ ਸਥਿਤ ਭਾਸਕਰ ਕਾਲੋਨੀ ਨਿਵਾਸੀ ਆਕਾਸ਼ (24) ਅਤੇ ਗੌਰਵ (24) ਵਜੋਂ ਹੋਈ ਹੈ। ਦੋਵਾਂ ਨੂੰ 21 ਜੁਲਾਈ ਨੂੰ ਅਧੀਨ ਧਾਰਾ 303(2), 3(5), 317(2) ਅਤੇ 317(5) ਬੀ.ਐਨ.ਐਸ ਤਹਿਤ ਦਰਜ ਐੱਫ਼. ਆਈ. ਆਰ. ਸਬੰਧੀ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਸ਼ਿਕਾਇਤਕਰਤਾ ਗੌਰਵ ਕੁਮਾਰ, ਜੋ ਚਾਰਜ ਕਰੋ ਕੰਪਨੀ ਵਿਚ ਸਰਵਿਸ ਇੰਜੀਨੀਅਰ ਹੈ, ਨੇ ਦੱਸਿਆ ਕਿ ਕੰਪਨੀ ਵਲੋਂ ਚੰਡੀਗੜ੍ਹ ਦੇ ਵੱਖ-ਵੱਖ ਸਥਾਨਾਂ ‘ਤੇ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਲਗਾਏ ਗਏ ਹਨ। 17 ਜੁਲਾਈ ਨੂੰ ਸੈਕਟਰ-34 ਦੇ ਮੁਕਤ ਹਸਪਤਾਲ ਸਾਹਮਣੇ ਲੱਗੇ ਚਾਰਜਿੰਗ ਸਟੇਸ਼ਨ ਦੀ ਸੀ.ਸੀ.ਟੀਵੀ ਫੁਟੇਜ ਵੇਖਣ ਦੌਰਾਨ ਚਾਰਜਿੰਗ ਗੰਨ ਗਾਇਬ ਮਿਲੀ। ਸੀ.ਸੀ.ਟੀਵੀ ਫੁਟੇਜ ਦੀ ਜਾਂਚ ਦੌਰਾਨ ਦੋ ਨੌਜਵਾਨ ਇਕ ਦੋਪਹੀਆ ਵਾਹਨ ‘ਤੇ ਆ ਕੇ ਚਾਰਜਿੰਗ ਗੰਨਾਂ ਨੂੰ ਕੱਟ ਕੇ ਲਿਜਾਂਦੇ ਹੋਏ ਨਜ਼ਰ ਆਏ। ਜਾਂਚ ਦੌਰਾਨ 22 ਜੁਲਾਈ ਨੂੰ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਕਾਸ਼ ਦੀ ਨਿਸ਼ਾਨਦੇਹੀ ‘ਤੇ ਇਕ ਤਾਂਬੇ ਦੀ ਤਾਰ, ਚਾਰਜਿੰਗ ਗੰਨ ਦਾ ਕੱਟਿਆ ਹੋਇਆ ਕਵਰ ਅਤੇ ਕੇਬਲ ਕੱਟਣ ਲਈ ਵਰਤਿਆ ਲੋਹੇ ਦਾ ਬਲੇਡ ਬਰਾਮਦ ਕੀਤਾ ਗਿਆ। ਗੌਰਵ ਦੀ ਨਿਸ਼ਾਨਦੇਹੀ ‘ਤੇ ਦੋ ਤਾਂਬੇ ਦੀਆਂ ਤਾਰਾਂ ਅਤੇ ਵਾਰਦਾਤ ਵਿਚ ਵਰਤੀ ਗਈ ਸਕੂਟੀ ਬਰਾਮਦ ਕੀਤੀ ਗਈ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।