ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ)- ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮੱਧ ਪ੍ਰਦੇਸ਼ ਫੂਡ ਕਮਿਸ਼ਨ ਵਲੋਂ ਭੋਪਾਲ ਵਿਖੇ 2 ਦਿਨਾ ਰਾਸ਼ਟਰੀ ਕਾਨਫ਼ਰੰਸ ‘ਐੱਨ.ਐੱਫ.ਐੱਸ.ਏ-2013 ਪ੍ਰਗਤੀ, ਚੁਣੌਤੀਆਂ ਅਤੇ ਅੱਗੇ ਦਾ ਰਸਤਾ’ ਵਿਚ ਕਮਿਸ਼ਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਸਾਂਝਾ ਕੀਤਾ। ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਸਿਹਤ, ਖ਼ੁਰਾਕ ਤੇ ਸਿਵਲ ਸਪਲਾਈ, ਸਮਾਜਿਕ ਸੁਰੱਖਿਆ ਅਤੇ ਸਿੱਖਿਆ ਵਿਭਾਗਾਂ ਵਿਚ ਬਿਹਤਰ ਤਾਲਮੇਲ ਜ਼ਰੂਰੀ ਹੈ ਤਾਂ ਜੋ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚ ਸਕੇ। ਚੇਅਰਮੈਨ ਨੇ ਦੱਸਿਆ ਕਿ ਪੀ.ਐੱਸ.ਐੱਫ.ਸੀ ਵਲੋਂ ਅਪ੍ਰੈਲ 2025 ਵਿਚ ਪੋਸ਼ਣ ਸੁਰੱਖਿਆ ’ਤੇ ਇਕ ਉੱਚ ਪੱਧਰੀ ਵਰਕਸ਼ਾਪ ਕਰਵਾਈ ਗਈ ਸੀ। ਇਸ ਵਿਚ ਖੇਤੀਬਾੜੀ, ਜੰਗਲਾਤ ਅਤੇ ਆਯੁਰਵੇਦ ਸਮੇਤ ਵੱਖ-ਵੱਖ ਖੇਤਰਾਂ ਦੇ 39 ਮਾਹਿਰਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਦੀ ਪ੍ਰਧਾਨਗੀ ਸਾਬਕਾ ਕੇਂਦਰੀ ਖ਼ੁਰਾਕ ਸਕੱਤਰ ਬੀ.ਸੀ. ਗੁਪਤਾ ਨੇ ਕੀਤੀ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਐੱਨ.ਐੱਫ.ਐੱਸ.ਏ-2013 ਲਾਗੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਸਕੂਲਾਂ ਅਤੇ ਆਂਗਨਵਾੜੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਪੀ.ਐੱਸ.ਐੱਫ.ਸੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਮਈ 2025 ਵਿਚ ਸਕੂਲਾਂ ਨੂੰ ਨਿਊਟ੍ਰੀਸ਼ਨ ਗਾਰਡਨ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਹ ਗਾਰਡਨ ਪੀ.ਏ.ਯੂ ਲੁਧਿਆਣਾ ਅਤੇ ਬਾਗ਼ਬਾਨੀ ਵਿਭਾਗ ਵਲੋਂ ਤਿਆਰ ਕੀਤੇ ਡਿਜ਼ਾਈਨ ਅਨੁਸਾਰ ਬਣਾਏ ਜਾ ਰਹੇ ਹਨ। ਹਰੇਕ ਗਾਰਡਨ ਵਿਚ 21 ਕਿਸਮਾਂ ਦੇ ਫਲਦਾਰ ਪੌਦਿਆਂ ਦੇ ਨਾਲ-ਨਾਲ ਜੜੀ-ਬੂਟੀਆਂ ਅਤੇ ਸਬਜ਼ੀਆਂ ਦੇ ਬਾਗ਼ ਵੀ ਹੋਣਗੇ। ਇਸ ਮੌਕੇ ਬਾਲ ਮੁਕੰਦ ਸ਼ਰਮਾ ਨੇ ਨੀਤੀ ਆਯੋਗ ਦੇ ਸਾਬਕਾ ਮੈਂਬਰ ਡਾ. ਰਮੇਸ਼ ਚੰਦ ਨੂੰ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੀਆਂ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਸਬੰਧੀ ਕੌਫ਼ੀ ਟੇਬਲ ਬੁੱਕ ਭੇਟ ਕੀਤੀ। ਇਸ ਮੌਕੇ ਮੱਧ ਪ੍ਰਦੇਸ਼ ਫੂਡ ਕਮਿਸ਼ਨ ਦੇ ਚੇਅਰਮੈਨ ਪ੍ਰੋ. ਵੀ.ਕੇ. ਮਲਹੋਤਰਾ ਵੀ ਮੌਜੂਦ ਸਨ।