05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਫਰੀਦਾਬਾਦ ’ਚ ਨਕਲੀ ਪ੍ਰੋਪੀਲੀਨ ਗਲਾਈਕੋਲ ਰੈਕੇਟ ਦਾ ਪਰਦਾਫਾਸ਼, ਮੈਨੇਜਰ ਗ੍ਰਿਫ਼ਤਾਰ-ਡਾ. ਸੁਮਿਤਾ ਮਿਸ਼ਰਾ

Ad Position 21
No active advertisement
ਅਜੀਤ ਡੈਸਕ 30-07-2026
ਚੰਡੀਗੜ੍ਹ, 29 ਜੁਲਾਈ (ਰਾਮ ਸਿੰਘ ਬਰਾੜ) - ਹਰਿਆਣਾ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ ਨੇ ਫਰੀਦਾਬਾਦ ਵਿੱਚ ਫਾਰਮਾਸਿਊਟੀਕਲ-ਗ੍ਰੇਡ ਦੇ ਨਕਲੀ ਰਸਾਇਣਾਂ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਜ਼ਪਤ ਕੀਤੀ ਗਈ ਖੇਪ ਜੇਕਰ ਤੈਅ ਸੀਮਾ ਤੋਂ ਵੱਧ ਦੂਸ਼ਿਤ ਪਾਈ ਜਾਂਦੀ ਹੈ, ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਬੁੱਧਵਾਰ ਨੂੰ ਦੱਸਿਆ ਕਿ ‘ਪ੍ਰੋਪੀਲੀਨ ਗਲਾਈਕੋਲ’ ਦੀ ਵਰਤੋਂ ਖੰਘ ਦੀ ਦਵਾਈ (ਕਫ ਸਿਰਪ) ਅਤੇ ਹੋਰ ਕਈ ਦਵਾਈਆਂ ਦੇ ਬਣਾਉਣ ਵਿੱਚ ਵੱਡੇ ਪੱਧਰ ‘ਤੇ ਇੱਕ ‘ਐਕਸੀਪੀਐਂਟ’ (ਘਟਕ) ਵਜੋਂ ਕੀਤੀ ਜਾਂਦੀ ਹੈ, ਜਿਸ ਕਾਰਨ ਮਰੀਜ਼ਾਂ ਦੀ ਸੁਰੱਖਿਆ ਲਈ ਇਸ ਦੀ ਗੁਣਵੱਤਾ ਅਤੇ ਸ਼ੁੱਧਤਾ ਬਹੁਤ ਮਹੱਤਵਪੂਰਨ ਹੈ। ਡਾ. ਮਿਸ਼ਰਾ ਨੇ ਦੱਸਿਆ ਕਿ ਇਹ ਕਾਰਵਾਈ ਸਿਹਤ ਮੰਤਰੀ ਆਰਤੀ ਰਾਓ ਦੇ ਮਾਰਗਦਰਸ਼ਨ, ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ ਕਮਿਸ਼ਨਰ ਡਾ. ਮਨੋਜ ਕੁਮਾਰ ਅਤੇ ਰਾਜ ਔਸ਼ਧੀ ਕੰਟਰੋਲਰ ਰਿਪਨ ਮਹਿਤਾ ਦੀ ਅਗਵਾਈ ਹੇਠ ਨਕਲੀ ਤੇ ਮਿਲਾਵਟੀ ਦਵਾਈਆਂ ਦੇ ਨਿਰਮਾਣ, ਵੰਡ ਅਤੇ ਵਿਕਰੀ ਦੇ ਖ਼ਿਲਾਫ਼ ਵਿਭਾਗ ਦੀ ‘ਜ਼ੀਰੋ ਟਾਲਰੈਂਸ’ ਨੀਤੀ ਤਹਿਤ ਕੀਤੀ ਗਈ ਹੈ। ਡਾ. ਮਿਸ਼ਰਾ ਨੇ ਕਿਹਾ ਕਿ ਵਿਭਾਗ ਦੀ ਜਾਣਕਾਰੀ ਅਨੁਸਾਰ, ਭਾਰਤ ਵਿੱਚ ਕਿਸੇ ਸਥਾਪਿਤ ਨਿਰਮਾਤਾ ਦੇ ਬ੍ਰਾਂਡ ਨਾਮ ਦੀ ਵਰਤੋਂ ਕਰਕੇ ਫਾਰਮਾਸਿਊਟੀਕਲ-ਗ੍ਰੇਡ ਪ੍ਰੋਪੀਲੀਨ ਗਲਾਈਕੋਲ ਦੀ ਕਥਿਤ ਤੌਰ ‘ਤੇ ਰੀ-ਪੈਕੇਜਿੰਗ (ਮੁੜ ਪੈਕਿੰਗ) ਅਤੇ ਜਾਲਸਾਜ਼ੀ ਦਾ ਇਹ ਪਹਿਲਾ ਮਾਮਲਾ ਹੈ। ਉਨ੍ਹਾਂ ਇਹ ਵੀ ਜੋੜਿਆ ਕਿ ਪ੍ਰੋਪੀਲੀਨ ਗਲਾਈਕੋਲ ਵਿੱਚ ਡਾਈਏਥੀਲੀਨ ਗਲਾਈਕੋਲ ਜਾਂ ਏਥੀਲੀਨ ਗਲਾਈਕੋਲ ਦੀ ਮਿਲਾਵਟ ਹਾਲ ਹੀ ਦੇ ਮਹੀਨਿਆਂ ਵਿੱਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹੋਈਆਂ ਮੌਤਾਂ ਨਾਲ ਜੁੜੀ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਫਰੀਦਾਬਾਦ ਵਿੱਚ ਨਾਮੀ ‘ਮਨਾਲੀ’ ਬ੍ਰਾਂਡ ਨਾਮ ਤਹਿਤ ਨਕਲੀ ਪ੍ਰੋਪੀਲੀਨ ਗਲਾਈਕੋਲ ਵੇਚੇ ਜਾਣ ਦੀ ਇੱਕ ਖ਼ਾਸ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ, ਫਰੀਦਾਬਾਦ ਦੀ ਐੱਫ਼.ਡੀ.ਏ. ਅਧਿਕਾਰੀਆਂ ਦੀ ਟੀਮ ਨੇ ਸੈਕਟਰ-69, ਫਰੀਦਾਬਾਦ ਸਥਿਤ ‘ਮੈਸਰਜ਼ ਕੋਕਨਾ ਏਸ਼ੀਆ ਇੰਗ੍ਰੀਡੀਐਂਟਸ ਦੀ ਥਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿੱਚ ਰੀ-ਪੈਕੇਜਿੰਗ ਦੀ ਇੱਕ ਕਥਿਤ ਗੜਬੜੀ ਦਾ ਖੁਲਾਸਾ ਹੋਇਆ, ਜਿਸ ਵਿੱਚ ਇੰਡਸਟ੍ਰੀਅਲ-ਗ੍ਰੇਡ (ਉਦਯੋਗਿਕ ਸ਼੍ਰੇਣੀ) ਦੇ ਪ੍ਰੋਪੀਲੀਨ ਗਲਾਈਕੋਲ ਨੂੰ ‘ਮੈਸਰਜ਼ ਮਨਾਲੀ ਪੈਟਰੋਕੈਮੀਕਲਜ਼ ਲਿਮਟਿਡ’ ਦੇ ਲੇਬਲ ਅਤੇ ਮਾਰਕਿੰਗ ਵਾਲੇ ਡਰੱਮਾਂ ਵਿੱਚ ਭਰ ਕੇ, ਨਾਮੀ ਨਿਰਮਾਤਾ ਦੇ ਅਸਲੀ ਉਤਪਾਦ ਵਜੋਂ ਵੇਚਿਆ ਜਾ ਰਿਹਾ ਸੀ। ਛਾਪੇਮਾਰੀ ਟੀਮ ਨੇ ਫਾਰਮ-16 ਤਹਿਤ ਪ੍ਰੋਪੀਲੀਨ ਗਲਾਈਕੋਲ ਦੇ 42 ਡਰੱਮ, ਚੀਨ ਨਿਰਮਿਤ ਇੰਡਸਟ੍ਰੀਅਲ-ਗ੍ਰੇਡ ਪ੍ਰੋਪੀਲੀਨ ਗਲਾਈਕੋਲ ਦੇ ਖਾਲੀ ਡਰੱਮ, ਇੱਕ ਟਰਾਂਸਫਰ ਪੰਪ, ਮਨਾਲੀ ਪੈਟਰੋਕੈਮੀਕਲਜ਼ ਦੇ ਨਾਮ ਵਾਲੇ ਸੀਲਿੰਗ ਕਵਰ ਅਤੇ ਸੀਲਿੰਗ ਵਾਇਰ ਜ਼ਪਤ ਕੀਤੇ ਹਨ, ਜਦੋਂ ਕਿ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਲਈ ਫਾਰਮ-17 ਤਹਿਤ ਇੱਕ ਨਮੂਨਾ (ਸੈਂਪਲ) ਲਿਆ ਗਿਆ ਹੈ। ਜ਼ਪਤ ਕੀਤੇ ਗਏ ਸਮਾਨ ਦੀ ਕੁੱਲ ਕੀਮਤ 24,83,250 ਰੁਪਏ ਹੈ। ਡਾ. ਮਿਸ਼ਰਾ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕਿਹਾ ਕਿ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਹੈ ਕਿ ਕਿਤੇ ਇਸ ਵਿੱਚ ਤੈਅ ਸੀਮਾ ਤੋਂ ਵੱਧ ਡਾਈਏਥੀਲੀਨ ਗਲਾਈਕੋਲ ਜਾਂ ਏਥੀਲੀਨ ਗਲਾਈਕੋਲ ਦੀਆਂ ਅਸ਼ੁੱਧੀਆਂ ਤਾਂ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਕਾਰ ਦੀ ਮਿਲਾਵਟ ਨਾਲ ਗੰਭੀਰ ਜ਼ਹਿਰੀਲਾਪਨ ਪੈਦਾ ਹੋ ਸਕਦਾ ਹੈ, ਜਿਸ ਵਿੱਚ ਕਿਡਨੀ ਦਾ ਅਚਾਨਕ ਖਰਾਬ ਹੋਣਾ (ਇਕਿਊਟ ਕਿਡਨੀ ਇੰਜਰੀ) ਅਤੇ ਦਿਮਾਗੀ ਪ੍ਰਣਾਲੀ ਸੰਬੰਧੀ (ਨਿਊਰੋਲਾਜੀਕਲ) ਗੁੰਝਲਾਂ ਸ਼ਾਮਲ ਹਨ, ਜੋ ਵਿਸ਼ੇਸ਼ ਤੌਰ ‘ਤੇ ਬੱਚਿਆਂ ਅਤੇ ਹੋਰ ਸੰਵੇਦਨਸ਼ੀਲ ਮਰੀਜ਼ਾਂ ਲਈ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਨਕਲੀ ਅਤੇ ਮਿਲਾਵਟੀ ਦਵਾਈਆਂ ਦੇ ਨਿਰਮਾਣ ਤੇ ਵਿਕਰੀ ਦੇ ਪਹਿਲੀ ਨਜ਼ਰ ਸਬੂਤਾਂ ਦਾ ਹਵਾਲਾ ਦਿੰਦਿਆਂ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਫਰਮ ਦੇ ਮੈਨੇਜਰ ਨੂੰ ਔਸ਼ਧੀ ਅਤੇ ਪ੍ਰਸਾਧਨ ਸਮੱਗਰੀ ਐਕਟ, 1940 ਦੇ ਪ੍ਰਬੰਧਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਫਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ‘ਆਪ’ ਸਰਕਾਰ-ਡਾ. ਦਲਜੀਤ ਸਿੰਘ ਚੀਮਾ ਅਗਲੀ ਖ਼ਬਰ ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ’ਚ ਲੱਗੀਆਂ ਰੌਣਕਾਂ, ਪ੍ਰਮੁੱਖ ਸ਼ਖ਼ਸੀਅਤਾਂ ਪਾਰਟੀ ਵਿਚ ਹੋਈਆਂ ਸ਼ਾਮਿਲ
Ad Position 24
No active advertisement