12.26 ਲੱਖ ਰੁਪਏ ਦੀ ਠੱਗੀ ਦੇ ਚਾਰ ਮਾਮਲੇ ਦਰਜ
ਚੰਡੀਗੜ੍ਹ, 4 ਅਗਸਤ (ਕਪਿਲ ਵਧਵਾ)- ਅਡਾਨੀ ਗੈਸ ਦੇ ਬਿੱਲ ਅਪਡੇਟ ਕਰਨ ਦੇ ਨਾਂ ’ਤੇ ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਚੰਡੀਗੜ੍ਹ ਵਿਚ ਇਸੇ ਤਰ੍ਹਾਂ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ, ਜਦਕਿ ਇਕ ਵਿਅਕਤੀ ਨਾਲ ਗੈਰ-ਅਧਿਕਾਰਤ ਆਨਲਾਈਨ ਟਰਾਂਜ਼ੈਕਸ਼ਨਾਂ ਰਾਹੀਂ ਵੀ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ।
ਚੰਡੀਗੜ੍ਹ, 4 ਅਗਸਤ (ਕਪਿਲ ਵਧਵਾ)- ਅਡਾਨੀ ਗੈਸ ਦੇ ਬਿੱਲ ਅਪਡੇਟ ਕਰਨ ਦੇ ਨਾਂ ’ਤੇ ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਚੰਡੀਗੜ੍ਹ ਵਿਚ ਇਸੇ ਤਰ੍ਹਾਂ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ, ਜਦਕਿ ਇਕ ਵਿਅਕਤੀ ਨਾਲ ਗੈਰ-ਅਧਿਕਾਰਤ ਆਨਲਾਈਨ ਟਰਾਂਜ਼ੈਕਸ਼ਨਾਂ ਰਾਹੀਂ ਵੀ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ। ਚਾਰੇ ਮਾਮਲਿਆਂ ਵਿਚ ਸਾਈਬਰ ਕ੍ਰਾਈਮ ਥਾਣਾ ਚੰਡੀਗੜ੍ਹ ਨੇ ਐੱਫ. ਆਈ. ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸੈਕਟਰ-46 ਦੀ ਰਹਿਣ ਵਾਲੀ ਇਕ ਮਹਿਲਾ ਨੂੰ ਅਡਾਨੀ ਗੈਸ ਨਾਲ ਸਬੰਧਤ ਫ਼ਰਜ਼ੀ ਪ੍ਰਕਿਰਿਆ ਵਿਚ ਫਸਾ ਕੇ 2,07,038 ਰੁਪਏ ਦੀ ਠੱਗੀ ਕੀਤੀ ਗਈ। ਇਸੇ ਤਰ੍ਹਾਂ ਸੈਕਟਰ-44 (ਡੀ) ਦੇ ਰਹਿਣ ਵਾਲੇ ਰਾਹੁਲ ਭੰਡਾਰੀ ਤੋਂ 4,68,409 ਰੁਪਏ ਅਤੇ ਸੈਕਟਰ-42 ਦੇ ਰਹਿਣ ਵਾਲੇ ਮੁਖਤਾਰ ਸਿੰਘ ਤੋਂ 3,10,259 ਰੁਪਏ ਹੜੱਪ ਲਏ ਗਏ। ਤਿੰਨਾਂ ਮਾਮਲਿਆਂ ਵਿਚ ਅਣਪਛਾਤੇ ਸਾਈਬਰ ਠੱਗਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਸ਼ ਇਲਾਕੇ ਸੈਕਟਰ-9ਡੀ ਦੇ ਰਹਿਣ ਵਾਲੇ ਅਜੈ ਅਰੋੜਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਬੈਂਕ ਖਾਤੇ ਵਿਚੋਂ ਗੈਰ-ਅਧਿਕਾਰਤ ਆਨਲਾਈਨ ਲੈਣ-ਦੇਣ ਰਾਹੀਂ 2,40,791 ਰੁਪਏ ਕੱਢ ਲਏ ਗਏ। ਪੁਲਿਸ ਨੇ ਇਸ ਮਾਮਲੇ ਵਿਚ ਵੀ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ ਦਰਜ ਕਰ ਲਈ ਹੈ । ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਮੁੜ ਚੇਤਾਵਨੀ ਦਿੱਤੀ ਹੈ ਕਿ ਗੈਸ ਬਿੱਲ ਅਪਡੇਟ, ਕੇ.ਵਾਈ.ਸੀ ਜਾਂ ਬਕਾਇਆ ਬਿੱਲ ਦੇ ਨਾਂ ’ਤੇ ਆਉਣ ਵਾਲੇ ਕਿਸੇ ਵੀ ਲਿੰਕ, ਏ.ਪੀ.ਕੇ ਫਾਈਲ ਜਾਂ ਅਣਜਾਣ ਕਾਲ ’ਤੇ ਭਰੋਸਾ ਨਾ ਕੀਤਾ ਜਾਵੇ। ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਜਾਂ ਬੈਂਕਿੰਗ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ।