ਦੇਸ਼ ’ਚ ਦਿਨ ਪ੍ਰਤੀ ਦਿਨ ਧਰਮ ਨੂੰ ਸਿਆਸਤ ਨਾਲ ਜੋੜਨ ਦਾ ਰੁਝਾਨ ਵਧਦਾ ਜਾ ਰਿਹੈ-ਕੰਗ
ਖਰੜ, 4 ਅਗਸਤ (ਗੁਰਮੁੱਖ ਸਿੰਘ ਮਾਨ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਦੇਸ਼ ‘ਚ ਦਿਨ ਪ੍ਰਤੀ ਦਿਨ ਧਰਮ ਨੂੰ ਸਿਆਸਤ ਨਾਲ ਜੋੜਨ ਦਾ ਰੁਝਾਨ ਵਧਦਾ ਜਾ ਰਿਹਾ ਹੈ, ਜੋ ਕਿ ਸਾਡੇ ਸਮਾਜ ਅਤੇ ਲੋਕਤੰਤਰ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੀ ਸੱਭਿਅਤਾ ਸਦੀਆਂ ਤੋਂ ਧਰਮ-ਨਿਰਪੱਖ ਚੱਲੀ ਆ ਰਹੀ ਹੈ।
ਖਰੜ, 4 ਅਗਸਤ (ਗੁਰਮੁੱਖ ਸਿੰਘ ਮਾਨ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਦੇਸ਼ ‘ਚ ਦਿਨ ਪ੍ਰਤੀ ਦਿਨ ਧਰਮ ਨੂੰ ਸਿਆਸਤ ਨਾਲ ਜੋੜਨ ਦਾ ਰੁਝਾਨ ਵਧਦਾ ਜਾ ਰਿਹਾ ਹੈ, ਜੋ ਕਿ ਸਾਡੇ ਸਮਾਜ ਅਤੇ ਲੋਕਤੰਤਰ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੀ ਸੱਭਿਅਤਾ ਸਦੀਆਂ ਤੋਂ ਧਰਮ-ਨਿਰਪੱਖ ਚੱਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਮਹਾਂਪੁਰਸ਼ਾਂ, ਗੁਰੂਆਂ ਅਤੇ ਪੀਰਾਂ ਨੇ ਹਮੇਸ਼ਾ ਆਪਣੇ ਧਰਮ ਨੂੰ ਸਿਆਸਤ ਤੋਂ ਉੱਪਰ ਰੱਖਦੇ ਹੋਏ ਕਿਹਾ ਹੈ ਕਿ ਹਰ ਵਿਅਕਤੀ ਦਾ ਧਰਮ ਉਸ ਲਈ ਪਵਿੱਤਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਦਿਨ ਪ੍ਰਤੀ ਦਿਨ ਸਿਆਸਤ ਮੌਕਾਪ੍ਰਸਤ, ਘਟੀਆ ਅਤੇ ਗੰਧਲੀ ਹੁੰਦੀ ਜਾ ਰਹੀ ਹੈ ਤੇ ਕੁਝ ਸਿਆਸੀ ਪਾਰਟੀਆਂ ਧਰਮ ਨੂੰ ਸਿਆਸਤ ਨਾਲ ਜੋੜ ਕੇ ਭੋਲੇ-ਭਾਲੇ ਦੇਸ਼ ਵਾਸੀਆਂ ਨੂੰ ਵਰਗਲਾ ਕੇ ਵੋਟਾਂ ਬਟੋਰ ਰਹੀਆਂ ਹਨ, ਜੋ ਕਿ ਸਾਡੇ ਦੇਸ਼ ਦੀ ਬੇਮਿਸਾਲ ਧਰਮ-ਨਿਰਪੱਖਤਾ ਦੀਆਂ ਕੀਮਤਾਂ-ਕਦਰਾਂ, ਭਾਈਚਾਰੇ ਅਤੇ ਅਸੂਲਾਂ ਦੇ ਬਿਲਕੁੱਲ ਖ਼ਿਲਾਫ਼ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਆਪੋ ਆਪਣੇ ਧਰਮ ਪ੍ਰਤੀ ਸ਼ਰਧਾ ਅਤੇ ਧਾਰਮਿਕ ਭਾਵਨਾਵਾਂ ਨੂੰ ਘਟੀਆ ਸਿਆਸਤ ਨਾਲ ਜੋੜਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚੇ ਨਾਗਰਿਕਾਂ ਨੂੰ ਵੀ ਇਸ ਬਾਬਤ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਹਮੇਸ਼ਾ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਲੋਕ-ਹਿੱਤ ‘ਚ ਕੰਮ ਕਰਦੀ ਹੈ, ਉਸ ਨੂੰ ਕਦੇ ਵੀ ਧਰਮ ਦੀ ਆੜ ਲੈਣ ਦੀ ਲੋੜ ਨਹੀਂ ਪੈਂਦੀ।