ਚੰਡੀਗੜ੍ਹ, 5 ਅਗਸਤ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇ ਪਾਲ ਸਿੰਘ ਨੇ ਚੰਡੀਗੜ੍ਹ ਨਗਰ ਨਿਗਮ ਵਿਚ ਭਾਜਪਾ ਦੀ ਕਾਰਜ ਪ੍ਰਣਾਲੀ ’ਤੇ ਗੰਭੀਰ ਸਵਾਲ ਉਠਾਏ। ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਵਿਜੈਪਾਲ ਸਿੰਘ ਨੇ ਦੋਸ਼ ਲਗਾਇਆ ਕਿ ਸਿਰਫ ਦੋ ਪੰਨਿਆਂ ਦੇ ਟੇਬਲ ਏਜੰਡੇ ਰਾਹੀਂ 227 ਕਰੋੜ ਰੁਪਏ ਦਾ ਪ੍ਰਸਤਾਵ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪ੍ਰਸਤਾਵ ਨੂੰ ਨਾ ਤਾਂ ਪਹਿਲਾਂ ਕੌਂਸਲਰਾਂ ਨਾਲ ਸਾਂਝਾ ਕੀਤਾ ਗਿਆ ਅਤੇ ਨਾ ਹੀ ਇਸ ’ਤੇ ਵਿਸਤਾਰ ਨਾਲ ਚਰਚਾ ਕਰਨ ਦਾ ਮੌਕਾ ਦਿੱਤਾ ਗਿਆ। ਵਿਜੈਪਾਲ ਸਿੰਘ ਨੇ ਕਿਹਾ ਕਿ ਇਹ ਪ੍ਰਕਿਰਿਆ ਲੋਕਤੰਤਰ, ਪਾਰਦਰਸ਼ਤਾ ਅਤੇ ਜਨਤਾ ਦੇ ਟੈਕਸ ਦੇ ਪੈਸੇ ਦੀ ਜਵਾਬਦੇਹੀ ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਪਰੰਤ ਆਮ ਆਦਮੀ ਪਾਰਟੀ ਦਾ ਵਫ਼ਦ ਪ੍ਰੈਸ ਕਾਨਫਰੰਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਨਾਲ ਮਿਲਿਆ ਤੇ ਕੇਵਲ ਦੋ ਪੰਨਿਆਂ ਦੇ ਟੇਬਲ ਏਜੰਡੇ ਰਾਹੀਂ ਪਾਸ ਕੀਤੇ ਗਏ 227 ਕਰੋੜ ਦੇ ਪ੍ਰਸਤਾਵ ਦਾ ਸਖ਼ਤ ਵਿਰੋਧ ਦਰਜ ਕਰਵਾਇਆ। ਵਫ਼ਦ ਨੇ ਇਸ ਸਬੰਧੀ ਇਕ ਵਿਸਤ੍ਰਿਤ ਮੰਗ-ਪੱਤਰ ਵੀ ਕਮਿਸ਼ਨਰ ਨੂੰ ਸੌਂਪਿਆ ਤੇ ਪੂਰੇ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਵਿਸਤ੍ਰਿਤ ਜਾਂਚ ਕਰਵਾਉਣ ਦੇ ਨਾਲ-ਨਾਲ ਦੋਸ਼ੀ ਅਧਿਕਾਰੀਆਂ ਅਤੇ ਸੰਬੰਧਤ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਦੀ ਮੰਗ ਕੀਤੀ। ਵਫ਼ਦ ਵਿਚ ਪਾਰਟੀ ਪ੍ਰਧਾਨ ਵਿਜੇਪਾਲ ਸਿੰਘ, ਜਨਰਲ ਸਕੱਤਰ ਓਮਕਾਰ ਸਿੰਘ ਔਲਖ, ਸੀਨੀਅਰ ਆਗੂ ਜਸਵਿੰਦਰ ਕੌਰ, ਮੁੱਖ ਬੁਲਾਰੇ ਯੋਗੇਸ਼ ਢੀਂਗਰਾ, ਕੌਂਸਲਰ ਜਸਬੀਰ ਸਿੰਘ ਲਾਡੀ, ਸੀਨੀਅਰ ਵਾਈਸ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ, ਸਾਬਕਾ ਮੇਅਰ ਕੁਲਦੀਪ ਧਲੋਰ ਅਤੇ ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ. ਤੰਵਰ ਸ਼ਾਮਲ ਸਨ। ਆਗੂਆਂ ਨੇ ਦੱਸਆ ਕਿ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਮੰਗ-ਪੱਤਰ ਵਿਚ ਉਠਾਏ ਗਏ ਤੱਥਾਂ ਤੇ ਮੰਗਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਨਿਯਮਾਂ ਅਨੁਸਾਰ ਉਚਿਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਆਗੂਆਂ ਨੇ ਇਹ ਵੀ ਦੱਸਿਆ ਕਿ ਨਗਰ ਨਿਗਮ ਚੰਡੀਗੜ੍ਹ ਦੀ ਕਾਰਵਾਈ ਵਿਰੁੱਧ 6 ਅਗਸਤ ਨੂੰ 11 ਵਜੇਂ ਤੋ ਬਾਅਦ ਲੋਕ ਭਵਨ ਵੱਲ ਮਾਰਚ ਕਰਨ ਦਾ ਵੀ ਫੈਸਲਾ ਲਿਆ ਜਾਵੇਗਾ।