ਸੁਲਫੇ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ, ਕੇਸ ਦਰਜ
ਜ਼ੀਰਕਪੁਰ, 16 ਅਗਸਤ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਦੋ ਨੌਜਵਾਨਾਂ ਨੂੰ 1 ਕਿੱਲੋ 160 ਗ੍ਰਾਮ ਸੁਲਫੇ ਨਾਲ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਐਨ. ਡੀ.
ਜ਼ੀਰਕਪੁਰ, 16 ਅਗਸਤ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਦੋ ਨੌਜਵਾਨਾਂ ਨੂੰ 1 ਕਿੱਲੋ 160 ਗ੍ਰਾਮ ਸੁਲਫੇ ਨਾਲ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਦੀ ਧਾਰਾ 20, 61 ਅਤੇ 85 ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਦੁਰਗੇਸ਼ ਉਪਾਧਿਆਏ, ਵਾਸੀ ਬਹਿਲਾਣਾ, ਚੰਡੀਗੜ੍ਹ ਅਤੇ ਤੋਇਬ, ਵਾਸੀ ਲਖਨੌਤੀ ਕਲਾਂ, ਥਾਣਾ ਦੇਹਾਤ ਕੋਤਵਾਲੀ, ਸਹਾਰਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਅਨੁਸਾਰ, 14 ਅਗਸਤ ਨੂੰ ਰਾਤ 10 ਵਜੇ ਦੇ ਕਰੀਬ ਸ਼ਮਸ਼ੇਰ ਸਿੰਘ ਵਾਸੀ ਬਿਸ਼ਨਪੁਰਾ ਜੇ ਪੀ ਹਸਪਤਾਲ ਨੇੜੇ ਪੁਲਿਸ ਪਾਰਟੀ ਨਾਲ ਮੌਜੂਦ ਸੀ। ਇਸ ਦੌਰਾਨ ਉਸ ਨੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥ ਵੇਚਦੇ ਹੋਏ ਦੇਖਿਆ। ਪੁਲਿਸ ਅਨੁਸਾਰ ਦੋਵਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਦੇਖ ਕੇ ਮੋਟਰਸਾਈਕਲ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਨਸ਼ੇ ਦੀ ਹਾਲਤ ‘ਚ ਸੜਕ ‘ਤੇ ਡਿੱਗ ਪਏ। ਬਾਅਦ ‘ਚ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਕਾਲੇ ਬੈਗ ਦੀ ਤਲਾਸ਼ੀ ਲਈ, ਤਾਂ ਉਸ ‘ਚੋਂ ਸੁਲਫਾ, ਸਿਲਵਰ ਪੇਪਰ ਅਤੇ ਇੱਕ ਲਾਈਟਰ ਬਰਾਮਦ ਹੋਇਆ। ਬਰਾਮਦ ਕੀਤੇ ਗਏ ਸੁਲਫੇ ਦਾ ਵਜ਼ਨ 1 ਕਿਲੋ 160 ਗ੍ਰਾਮ ਸੀ, ਜਿਸ ‘ਚ ਪਾਰਦਰਸ਼ੀ ਮੋਮੀ ਲਿਫਾਫੇ ਵੀ ਸ਼ਾਮਲ ਸਨ। ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਹੋਰ ਚੀਜ਼ਾਂ ਨੂੰ ਵੱਖ-ਵੱਖ ਥੈਲਿਆਂ ‘ਚ ਪੈਕ ਕਰਕੇ ਸੀਲ ਕਰ ਦਿੱਤਾ। ਪੁਲਿਸ ਹੁਣ ਮੁਲਜ਼ਮਾਂ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਤੇ ਇਸ ਦੇ ਨੈੱਟਵਰਕ ਦਾ ਪਤਾ ਲਗਾ ਰਹੀ ਹੈ।