ਐੱਸ. ਏ. ਐੱਸ. ਨਗਰ, 26 ਅਗਸਤ (ਪ੍ਰੋ. ਅਵਤਾਰ ਸਿੰਘ)- ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਸੂਬੇ ਭਰ ‘ਚ 92 ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਮੁਹਾਲੀ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰਾਂ ਦੀ ਸੱਦੀ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ‘ਚ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਪੰਜਾਬ ਟੂਰਿਜ਼ਮ ਐਂਡ ਹੈਰੀਟੇਜ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਅਤੇ ਡੇਰਾ ਕਠਾਰ (ਡੇਰਾ ਬੱਲਾਂ ਨਾਲ ਸੰਬੰਧਿਤ) ਤੋਂ ਸੰਤ ਬਾਬਾ ਪ੍ਰਦੀਪ ਦਾਸ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਟਿੰਗ ‘ਚ ਆਨਲਾਈਨ ਮਾਧਿਅਮ ਰਾਹੀਂ ਸ਼ਮੂਲੀਅਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਸੰਤ-ਮਹਾਂਪੁਰਸ਼ਾਂ ਦੀ ਰਹਿਨੁਮਾਈ ਅਤੇ ਸੁਝਾਵਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਧਾਰਮਿਕ, ਸੱਭਿਆਚਾਰਕ ਅਤੇ ਵਿੱਦਿਅਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ‘ਚ ਕੀਰਤਨ ਦਰਬਾਰ, ਯੂਨੀਵਰਸਿਟੀਆਂ ‘ਚ ਸੈਮੀਨਾਰ, ਸਕੂਲ ਪੱਧਰੀ ਮੁਕਾਬਲੇ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ‘ਤੇ ਆਧਾਰਿਤ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ਦੀ ਸਕ੍ਰੀਨਿੰਗ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਡਰੋਨ ਸ਼ੋਅ ਸਤੰਬਰ ਮਹੀਨੇ ਤੋਂ ਸ਼ੁਰੂ ਕੀਤੇ ਜਾਣਗੇ। ਹਰੇਕ ਸ਼ੋਅ ‘ਚ 500 ਤੋਂ ਵੱਧ ਡਰੋਨ ਅਸਮਾਨ ‘ਚ ਇਕੋ ਸਮੇਂ ਆਪਣੀ ਪੇਸ਼ਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਹਰੇਕ ਡਰੋਨ ਸ਼ੋਅ ਲਗਭਗ 25 ਤੋਂ 30 ਮਿੰਟ ਦਾ ਹੋਵੇਗਾ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਡਰੋਨ ਸ਼ੋਅ ਲਈ ਢੁਕਵੀਆਂ ਥਾਵਾਂ ਦੀ ਪਛਾਣ ਕੀਤੀ ਜਾਵੇ ਤੇ ਆਮ ਲੋਕਾਂ ਨੂੰ ਸ਼ੋਅ ਦੀ ਮਿਤੀ, ਸਮੇਂ ਅਤੇ ਸਥਾਨ ਬਾਰੇ ਪਹਿਲਾਂ ਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਹਿੱਸਾ ਬਣ ਸਕਣ। ਕੈਬਨਿਟ ਮੰਤਰੀ ਸੌਂਦ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਮਾਣ ਅਤੇ ਸੁਭਾਗ ਦੀ ਗੱਲ ਹੈ ਕਿ ਮਹਾਨ ਗੁਰੂ ਸਾਹਿਬਾਨ ਤੇ ਸੰਤਾਂ-ਮਹਾਂਪੁਰਸ਼ਾਂ ਨਾਲ ਸੰਬੰਧਿਤ ਇਤਿਹਾਸਕ ਤੇ ਧਾਰਮਿਕ ਮੌਕਿਆਂ ਨੂੰ ਸਮਰਪਿਤ ਸਮਾਗਮ ਕਰਵਾਉਣ ਦੀ ਸੇਵਾ ਮਿਲ ਰਹੀ ਹੈ। ਇਸੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਨਲਾਈਨ ਮਾਧਿਅਮ ਰਾਹੀਂ ਮੀਟਿੰਗ ‘ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਦੇ ਸਮਾਗਮਾਂ ਨਾਲ ਸੰਗਤ ‘ਚ ਸਕਾਰਾਤਮਕ ਤੇ ਅਧਿਆਤਮਕ ਮਾਹੌਲ ਪੈਦਾ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਗਤ ਦਾ ਇਨ੍ਹਾਂ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਉਲੀਕਣ ਲਈ ਧੰਨਵਾਦ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ‘ਚ ਡਰੋਨ ਸ਼ੋਅ ਨੂੰ ਵੱਡੀ ਗਿਣਤੀ ‘ਚ ਸੰਗਤ ਦੀ ਸ਼ਮੂਲੀਅਤ ਨਾਲ ਸਫ਼ਲਤਾਪੂਰਵਕ ਕਰਵਾਇਆ ਜਾਵੇਗਾ। ਮੀਟਿੰਗ ‘ਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਡਿਪਟੀ ਕਮਿਸ਼ਨਰ ਰੂਪਨਗਰ ਆਦਿਤਿਆ ਡੇਚਲਵਾਲ ਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਗੁਰਪ੍ਰੀਤ ਸਿੰਘ ਔਲਖ (ਦੋਵੇਂ ਆਨਲਾਈਨ), ਆਮ ਆਦਮੀ ਪਾਰਟੀ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ. ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਚੌਂਦਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।