ਐੱਸ. ਏ. ਐੱਸ. ਨਗਰ, 3 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸੇਵਾ ਸਾਧਨਾ ਸੁਸਾਇਟੀ, ਗੁਰਮਤਿ ਵਿਚਾਰ ਸਭਾ ਅਤੇ ਬੋਰਡ ਜਥੇਬੰਦੀ ਵਲੋਂ ਅੱਜ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੀ ਸ਼ੁਰੂਆਤ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਧਾਰਮਿਕ ਰਸਮਾਂ ਅਦਾ ਕਰਕੇ ਕਰਵਾਈ ਗਈ। ਇਸ ਉਪਰੰਤ ਕੁਮਾਰ ਦੀਪਕ ਐਂਡ ਮੰਡਲੀ ਵਲੋਂ ਕੀਰਤਨ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਲੀਲ੍ਹਾਵਾਂ ਨਾਲ ਸੰਬੰਧਿਤ ਮਨਮੋਹਕ ਝਾਕੀਆਂ ਨੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਭਗਤੀ ਦੇ ਰੰਗ ‘ਚ ਰੰਗ ਦਿੱਤਾ। ਅੰਤ ਵਿਚ ਹਾਜ਼ਰੀਨਾਂ ਵਲੋਂ ਸਮੁੱਚੇ ਸ਼ਰਧਾਲੂਆਂ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਗਈ। ਇਸ ਉਪਰੰਤ ਸ਼ਰਧਾਲੂਆਂ ਵਿਚਕਾਰ ਪ੍ਰਸ਼ਾਦ ਵੰਡਿਆ ਗਿਆ ਅਤੇ ਅਤੁੱਟ ਭੰਡਾਰਾ ਵਰਤਾਇਆ ਗਿਆ।